IMG-LOGO
ਹੋਮ ਪੰਜਾਬ: ਹੁਸ਼ਿਆਰਪੁਰ 'ਚ 9 ਘੰਟੇ ਚੱਲਿਆ ਸਾਹ ਰੋਕੂ ਆਪਰੇਸ਼ਨ: 300 ਫੁੱਟ...

ਹੁਸ਼ਿਆਰਪੁਰ 'ਚ 9 ਘੰਟੇ ਚੱਲਿਆ ਸਾਹ ਰੋਕੂ ਆਪਰੇਸ਼ਨ: 300 ਫੁੱਟ ਡੂੰਘੇ ਬੋਰਵੈੱਲ 'ਚੋਂ 3 ਸਾਲਾ ਮਾਸੂਮ ਸੁਰੱਖਿਅਤ ਬਾਹਰ; ਮਾਂ ਨੂੰ ਜੱਫੀ ਪਾ ਕੇ ਰੋਇਆ ਗੁਰਕਰਨ

Admin User - May 16, 2026 10:28 AM
IMG

ਹੁਸ਼ਿਆਰਪੁਰ ਦੇ ਸਰਹੱਦੀ ਪਿੰਡ ਚੱਕ ਸਮਾਣਾ ਵਿੱਚ ਸ਼ੁੱਕਰਵਾਰ ਸ਼ਾਮ ਇੱਕ ਵੱਡਾ ਹਾਦਸਾ ਟਲ ਗਿਆ। ਖੇਡਦੇ-ਖੇਡਦੇ ਇੱਕ 300 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ 3 ਸਾਲ ਦੇ ਮਾਸੂਮ ਗੁਰਕਰਨ ਸਿੰਘ ਨੂੰ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਨੇ ਲਗਭਗ 9 ਘੰਟਿਆਂ ਦੀ ਭਾਰੀ ਜੱਦੋਜਹਿਦ ਤੋਂ ਬਾਅਦ ਦੇਰ ਰਾਤ ਸੁਰੱਖਿਅਤ ਬਾਹਰ ਕੱਢ ਲਿਆ। ਬੋਰਵੈੱਲ 'ਚੋਂ ਬਾਹਰ ਆਉਂਦਿਆਂ ਹੀ ਬੱਚਾ ਆਪਣੀ ਮਾਂ ਦੀ ਹਿੱਕ ਨਾਲ ਜਾ ਲੱਗਿਆ। NDRF, SDRF, ਪੰਜਾਬ ਪੁਲਿਸ ਅਤੇ ਸਥਾਨਕ ਲੋਕਾਂ ਦੀ ਮੁਸਤੈਦੀ ਸਦਕਾ ਇਸ ਔਖੇ ਆਪਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।


ਡਿਪਟੀ ਕਮਿਸ਼ਨਰ (DC) ਆਸ਼ਿਕਾ ਜੈਨ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਹਾਦਸਾ ਸ਼ਾਮ ਕਰੀਬ 4 ਵਜੇ ਵਾਪਰਿਆ। ਮਜ਼ਦੂਰ ਹਰਿੰਦਰ ਅਤੇ ਆਸ਼ਾ ਦਾ ਪੁੱਤਰ ਗੁਰਕਰਨ ਆਪਣੇ ਘਰ ਦੇ ਨੇੜੇ ਖੇਡ ਰਿਹਾ ਸੀ, ਜਿੱਥੇ ਪਿਛਲੇ 15 ਦਿਨਾਂ ਤੋਂ ਇੱਕ ਬੋਰਵੈੱਲ ਪੁੱਟਿਆ ਜਾ ਰਿਹਾ ਸੀ। ਪਾਈਪ ਪਾਉਣ ਲਈ ਨੇੜੇ ਇੱਕ ਟੋਆ ਪੁੱਟਿਆ ਗਿਆ ਸੀ ਜੋ ਪੂਰੀ ਤਰ੍ਹਾਂ ਭਰਿਆ ਨਹੀਂ ਸੀ। ਇਲਾਕਾ ਰੇਤਲਾ ਹੋਣ ਕਾਰਨ ਗੁਰਕਰਨ ਦਾ ਪੈਰ ਫਿਸਲ ਗਿਆ। ਬੱਚੇ ਦੀ ਮਾਂ ਅਨੁਸਾਰ ਉਹ ਹੌਲੀ-ਹੌਲੀ ਹੇਠਾਂ ਵੱਲ ਸਰਕ ਗਿਆ। ਡਿੱਗਦੇ ਸਮੇਂ ਉਹ "ਮੈਨੂੰ ਫੜੋ" ਦੀਆਂ ਆਵਾਜ਼ਾਂ ਮਾਰ ਰਿਹਾ ਸੀ, ਪਰ ਪਰਿਵਾਰਕ ਮੈਂਬਰਾਂ ਦੀ ਕੋਸ਼ਿਸ਼ ਦੇ ਬਾਵਜੂਦ ਉਹ ਹੱਥ ਨਾ ਆਇਆ ਅਤੇ ਬੋਰਵੈੱਲ ਵਿੱਚ 30 ਫੁੱਟ ਹੇਠਾਂ ਜਾ ਕੇ ਫਸ ਗਿਆ।


ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀ ਆਸ਼ਿਕਾ ਜੈਨ ਅਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪ੍ਰਸ਼ਾਸਨ ਨੇ ਬਿਨਾਂ ਸਮਾਂ ਗਵਾਏ ਬੋਰਵੈੱਲ ਦੇ ਅੰਦਰ ਆਕਸੀਜਨ ਪਾਈਪ ਪਹੁੰਚਾਈ ਅਤੇ ਇੱਕ ਹਾਈ-ਟੈਕ ਕੈਮਰਾ ਹੇਠਾਂ ਉਤਾਰ ਕੇ ਬੱਚੇ ਦੀ ਹਰ ਹਰਕਤ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। NDRF ਦੀ 40 ਮੈਂਬਰੀ ਮਾਹਿਰ ਟੀਮ ਨੇ ਮੋਰਚਾ ਸੰਭਾਲਦਿਆਂ ਬੋਰਵੈੱਲ ਦੇ ਬਿਲਕੁਲ ਬਰਾਬਰ 30 ਫੁੱਟ ਤੋਂ ਵੱਧ ਡੂੰਘਾ ਇੱਕ ਹੋਰ ਟੋਆ ਪੁੱਟਣਾ ਸ਼ੁਰੂ ਕੀਤਾ ਅਤੇ ਇੱਕ ਤੰਗ ਸੁਰੰਗ ਰਾਹੀਂ ਬੱਚੇ ਤੱਕ ਪਹੁੰਚ ਬਣਾਈ।


ਲਗਾਤਾਰ ਚੱਲੇ ਇਸ ਹੌਸਲੇ ਭਰੇ ਆਪਰੇਸ਼ਨ ਤੋਂ ਬਾਅਦ ਰਾਤ ਕਰੀਬ 12:40 ਵਜੇ ਗੁਰਕਰਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੌਕੇ 'ਤੇ ਮੌਜੂਦ ਮੈਡੀਕਲ ਟੀਮ ਨੇ ਐਂਬੂਲੈਂਸ ਰਾਹੀਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਘੋਸ਼ਿਤ ਕਰ ਦਿੱਤਾ ਹੈ, ਹਾਲਾਂਕਿ ਫਿਲਹਾਲ ਉਸ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।


ਇਸ ਬਚਾਅ ਕਾਰਜ ਦੌਰਾਨ ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਅਤੇ ਹੁਸ਼ਿਆਰਪੁਰ ਦੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਖ਼ੁਦ ਮੌਕੇ 'ਤੇ ਡਟੇ ਰਹੇ। ਉਨ੍ਹਾਂ ਨੇ ਸਾਰੀਆਂ ਬਚਾਅ ਟੀਮਾਂ ਅਤੇ ਪਿੰਡ ਵਾਸੀਆਂ ਦੇ ਜਜ਼ਬੇ ਦੀ ਤਾਰੀਫ਼ ਕੀਤੀ। ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਨਾਜ਼ੁਕ ਅਤੇ ਚੁਣੌਤੀਪੂਰਨ ਆਪਰੇਸ਼ਨ ਸੀ, ਜਿਸ ਨੂੰ ਟੀਮਾਂ ਦੇ ਸਾਂਝੇ ਅਤੇ ਨਿਰੰਤਰ ਯਤਨਾਂ ਸਦਕਾ ਸਫਲ ਬਣਾਇਆ ਗਿਆ ਅਤੇ ਇੱਕ ਮਾਸੂਮ ਦੀ ਜਾਨ ਬਚਾਈ ਜਾ ਸਕੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.