ਤਾਜਾ ਖਬਰਾਂ
ਬਰਨਾਲਾ ਪੁਲਿਸ ਨੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਲੁੱਟ-ਖੋਹ ਅਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਇਹ ਗਿਰੋਹ ਲੋਕਾਂ ਵਿੱਚ ਡਰ ਦਾ ਮਾਹੌਲ ਬਣਾਕੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕਰਕੇ ਉਨ੍ਹਾਂ ਤੋਂ ਨਕਦੀ, ਮੋਬਾਈਲ ਫੋਨ ਅਤੇ ਮੋਟਰਸਾਈਕਲ ਖੋਹ ਲੈਂਦਾ ਸੀ।
ਡੀਐਸਪੀ ਸਤਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਨਿਹੰਗ ਸਿੰਘ ਦਾ ਰੂਪ ਧਾਰ ਕੇ ਵਾਰਦਾਤਾਂ ਕਰਦਾ ਸੀ ਤਾਂ ਜੋ ਲੋਕ ਡਰ ਜਾਣ ਅਤੇ ਵਿਰੋਧ ਨਾ ਕਰਨ। ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਖਾਸ ਟੀਮਾਂ ਬਣਾਕੇ ਜਾਂਚ ਸ਼ੁਰੂ ਕੀਤੀ ਸੀ।
ਥਾਣਾ ਸਿਟੀ-2 ਬਰਨਾਲਾ ਦੇ ਐਸਐਚਓ ਐਸਆਈ ਸ਼ਰੀਫ ਖਾਨ ਅਤੇ ਏਐਸਆਈ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਇੱਕ ਮਾਮਲੇ ਵਿੱਚ ਮੁਲਜ਼ਮਾਂ ਨੇ ਇੱਕ ਵਿਅਕਤੀ ਦਾ ਹੱਥ ਵੱਢ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਖੋਹ ਦੇ ਗੰਭੀਰ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਐਮਸੀ ’ਤੇ ਹਮਲੇ ਦੇ ਮਾਮਲੇ ਵਿੱਚ ਸਨੈਚਿੰਗ ਅਤੇ ਹਮਲੇ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗਿਰੋਹ 14 ਤੋਂ ਵੱਧ ਵਾਰਦਾਤਾਂ ਵਿੱਚ ਸ਼ਾਮਲ ਹੋ ਸਕਦਾ ਹੈ। ਪੁਲਿਸ ਹੁਣ ਪੀੜਤਾਂ ਨਾਲ ਸੰਪਰਕ ਕਰਕੇ ਹੋਰ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਨਾਲ ਹੀ ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਕੀ ਇਸ ਗਿਰੋਹ ਦੇ ਤਾਰ ਬਰਨਾਲਾ ਤੋਂ ਬਾਹਰ ਹੋਈਆਂ ਅਪਰਾਧਿਕ ਘਟਨਾਵਾਂ ਨਾਲ ਵੀ ਜੁੜੇ ਹੋਏ ਹਨ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਅਤੇ ਬਰਾਮਦਗੀਆਂ ਸਾਹਮਣੇ ਆ ਸਕਦੀਆਂ ਹਨ।
Get all latest content delivered to your email a few times a month.