ਤਾਜਾ ਖਬਰਾਂ
ਪੰਜਾਬ ਵਿੱਚ ਆਗਾਮੀ ਨਗਰ ਕੌਂਸਲ ਚੋਣਾਂ ਦੇ ਐਨ ਮੌਕੇ ਫਾਜ਼ਿਲਕਾ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ, ਜਦੋਂ ਆਮ ਆਦਮੀ ਪਾਰਟੀ (AAP) ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਏ ਇੱਕ ਸੀਨੀਅਰ ਆਗੂ ਵਿਰੁੱਧ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਦਰਜ ਕਰ ਲਿਆ। ਵਾਰਡ ਨੰਬਰ 23 ਤੋਂ ਭਾਜਪਾ ਦੇ ਅਧਿਕਾਰਿਕ ਉਮੀਦਵਾਰ ਸੁਰੇਂਦਰਪਾਲ ਸਿੰਘ ਘੋਗਾ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਸੱਤਾਧਾਰੀ 'ਆਪ' ਸਰਕਾਰ ਦੀ ਨਿਰੋਲ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਫਾਜ਼ਿਲਕਾ ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਇੱਕ ਵਿਵਾਦ ਸਾਹਮਣੇ ਆਇਆ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਦੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਸੀ। ਪਰ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਜਿਵੇਂ ਹੀ ਸੁਰੇਂਦਰਪਾਲ ਸਿੰਘ ਘੋਗਾ 'ਆਪ' ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਪਾਰਟੀ ਨੇ ਉਨ੍ਹਾਂ ਨੂੰ ਵਾਰਡ ਨੰਬਰ 23 ਤੋਂ ਚੋਣ ਮੈਦਾਨ ਵਿੱਚ ਉਤਾਰਿਆ, ਤਾਂ ਪੁਲਿਸ ਨੇ ਤੁਰੰਤ ਸਰਗਰਮੀ ਦਿਖਾਉਂਦੇ ਹੋਏ ਇਸੇ ਪੁਰਾਣੇ ਕੇਸ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ।
ਭਾਜਪਾ ਉਮੀਦਵਾਰ ਸੁਰੇਂਦਰਪਾਲ ਸਿੰਘ ਘੋਗਾ ਨੇ ਪ੍ਰਸ਼ਾਸਨ 'ਤੇ ਕਈ ਤਿੱਖੇ ਸਵਾਲ ਖੜ੍ਹੇ ਕਰਦਿਆਂ ਕਿਹਾ, "ਜਦੋਂ ਇਹ ਵਿਵਾਦ ਹੋਇਆ ਸੀ, ਉਦੋਂ ਮੈਂ ਆਮ ਆਦਮੀ ਪਾਰਟੀ ਵਿੱਚ ਹੀ ਸੀ। ਉਸ ਸਮੇਂ ਸਥਾਨਕ ਭਾਜਪਾ ਆਗੂਆਂ ਨੇ ਮੇਰੇ 'ਤੇ ਦੋਸ਼ ਲਗਾਏ ਸਨ। ਮੈਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕੀਤਾ, ਸਗੋਂ ਪੰਜਾਬ ਸਰਕਾਰ ਦੀ ਡੀਸਿਲਟਿੰਗ (ਭਲ ਕੱਢਣ) ਸਕੀਮ ਤਹਿਤ ਹੀ ਰੇਤ ਮੇਰੇ ਪਲਾਟ 'ਤੇ ਸੁੱਟੀ ਗਈ ਸੀ।" ਘੋਗਾ ਨੇ ਖ਼ੁਲਾਸਾ ਕੀਤਾ ਕਿ ਉਸ ਸਮੇਂ ਹਲਕੇ ਦੇ 'ਆਪ' ਵਿਧਾਇਕ ਨੇ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਸੀ ਕਿ ਇਹ ਸਿਰਫ਼ ਇੱਕ 'ਜ਼ੀਰੋ ਐਫ.ਆਈ.ਆਰ.' ਹੈ ਅਤੇ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ।
ਘੋਗਾ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਚੋਣਾਂ ਵਿੱਚ 'ਆਪ' ਵੱਲੋਂ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਨੇ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ। ਭਾਜਪਾ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੇ ਅਗਲੇ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ, ਤਾਂ ਪ੍ਰਸ਼ਾਸਨ ਨੇ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਮਾਈਨਿੰਗ ਕੇਸ ਵਿੱਚ ਨਾਮਜ਼ਦ ਕਰਨ ਦਾ ਨੋਟਿਸ ਥਮਾ ਦਿੱਤਾ। ਭਾਜਪਾ ਆਗੂਆਂ ਨੇ ਇਸ ਨੂੰ ਵਿਰੋਧੀ ਧਿਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਦੱਸਿਆ ਹੈ, ਜਦਕਿ ਦੂਜੇ ਪਾਸੇ ਕਾਨੂੰਨੀ ਮਾਹਿਰਾਂ ਅਨੁਸਾਰ ਚੋਣਾਂ ਦੇ ਐਨ ਮੌਕੇ ਦਰਜ ਹੋਇਆ ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਫਾਜ਼ਿਲਕਾ ਦੇ ਚੋਣ ਸਮੀਕਰਨਾਂ ਨੂੰ ਕਾਫ਼ੀ ਗਰਮਾ ਸਕਦਾ ਹੈ।
Get all latest content delivered to your email a few times a month.