ਤਾਜਾ ਖਬਰਾਂ
ਅੰਮ੍ਰਿਤਸਰ ਵਿੱਚ ਨਕਲੀ ਅਤੇ ਸਿੰਥੈਟਿਕ ਦੁੱਧ ਦੇ ਵਧ ਰਹੇ ਕਾਰੋਬਾਰ ਖ਼ਿਲਾਫ਼ ਅੱਜ ਦੋਧੀ ਯੂਨੀਅਨ ਨੇ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ। ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਗੁੱਸੇ ਵਿੱਚ ਆਏ ਯੂਨੀਅਨ ਮੈਂਬਰਾਂ ਨੇ ਅੱਜ ਡਿਪਟੀ ਕਮਿਸ਼ਨਰ (DC) ਦਫ਼ਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖ਼ੀ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਸੈਂਕੜੇ ਲੀਟਰ ਸ਼ੁੱਧ ਦੁੱਧ ਰੋੜ੍ਹ ਕੇ ਆਪਣਾ ਵਿਰੋਧ ਦਰਜ ਕਰਵਾਇਆ। ਯੂਨੀਅਨ ਦਾ ਦੋਸ਼ ਹੈ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਧੜੱਲੇ ਨਾਲ ਵਿਕ ਰਿਹਾ ਜ਼ਹਿਰੀਲਾ ਸਿੰਥੈਟਿਕ ਦੁੱਧ, ਨਕਲੀ ਪਨੀਰ ਅਤੇ ਖੋਆ ਨਾ ਸਿਰਫ਼ ਲੋਕਾਂ ਦੀ ਸਿਹਤ ਨੂੰ ਬਰਬਾਦ ਕਰ ਰਿਹਾ ਹੈ, ਸਗੋਂ ਅਸਲੀ ਪਸ਼ੂ ਪਾਲਕਾਂ ਦੇ ਰੁਜ਼ਗਾਰ ਨੂੰ ਵੀ ਡੋਬ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਦੋਧੀ ਯੂਨੀਅਨ ਦੇ ਮੁੱਖ ਆਗੂ ਕਰਮਜੀਤ ਸਿੰਘ ਨੰਗਲੀ ਨੇ ਪ੍ਰਸ਼ਾਸਨਿਕ ਢਾਂਚੇ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, "ਅਸੀਂ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਿਵਲ ਸਰਜਨ ਨੂੰ ਲਿਖਤੀ ਮੰਗ ਪੱਤਰ ਸੌਂਪ ਰਹੇ ਹਾਂ, ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਗੰਭੀਰ ਮਾਫੀਆ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ।" ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਰੋਸ ਮੁਜ਼ਾਹਰੇ ਕੀਤੇ ਹਨ, ਪਰ ਪ੍ਰਸ਼ਾਸਨ ਨੂੰ ਜਗਾਉਣ ਲਈ ਅੱਜ ਪਹਿਲੀ ਵਾਰ ਡੀ.ਸੀ. ਦਫ਼ਤਰ ਦੇ ਬੂਹੇ ਅੱਗੇ ਦੁੱਧ ਰੋੜ੍ਹਨ ਲਈ ਮਜਬੂਰ ਹੋਣਾ ਪਿਆ ਹੈ।
ਯੂਨੀਅਨ ਆਗੂਆਂ ਨੇ ਸਬੂਤਾਂ ਸਹਿਤ ਦਾਅਵਾ ਕੀਤਾ ਕਿ ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰਾਂ ਜਿਵੇਂ ਅਜਨਾਲਾ ਰੋਡ, ਬਟਾਲਾ ਰੋਡ, ਫਤਿਹਗੜ੍ਹ ਚੂੜੀਆਂ ਰੋਡ ਅਤੇ ਮੀਰਾਂਕੋਟ ਵਰਗੇ ਹੱਬ ਇਲਾਕਿਆਂ ਵਿੱਚ ਨਕਲੀ ਦੁੱਧ ਅਤੇ ਕੈਮੀਕਲ ਯੁਕਤ ਪਨੀਰ ਬਣਾਉਣ ਵਾਲੀਆਂ ਗੈਰ-ਕਾਨੂੰਨੀ ਫੈਕਟਰੀਆਂ ਸ਼ਰੇਆਮ ਚੱਲ ਰਹੀਆਂ ਹਨ। ਨੰਗਲੀ ਨੇ ਸਵਾਲ ਉਠਾਇਆ ਕਿ ਜੇਕਰ ਇਹ ਫੈਕਟਰੀਆਂ ਆਮ ਜਨਤਾ ਅਤੇ ਦੋਧੀਆਂ ਨੂੰ ਸਾਫ਼ ਨਜ਼ਰ ਆ ਰਹੀਆਂ ਹਨ, ਤਾਂ ਸਿਹਤ ਵਿਭਾਗ ਅਤੇ ਫੂਡ ਸੇਫਟੀ ਟੀਮਾਂ ਨੂੰ ਇਹ ਕਿਉਂ ਦਿਖਾਈ ਨਹੀਂ ਦਿੰਦੀਆਂ?
ਬਾਜ਼ਾਰ ਦੀ ਮੌਜੂਦਾ ਸਥਿਤੀ ਬਾਰੇ ਦੱਸਦਿਆਂ ਯੂਨੀਅਨ ਨੇ ਖ਼ੁਲਾਸਾ ਕੀਤਾ ਕਿ ਅੱਜ ਮਾਰਕੀਟ ਵਿੱਚ 40 ਤੋਂ 55 ਰੁਪਏ ਕਿੱਲੋ ਦੇ ਹਿਸਾਬ ਨਾਲ ਹਾਨੀਕਾਰਕ ਨਕਲੀ ਦੁੱਧ ਅਤੇ ਮਹਿਜ਼ 160 ਰੁਪਏ ਕਿੱਲੋ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ। ਜਦਕਿ ਮੌਜੂਦਾ ਸਮੇਂ ਅਸਲੀ ਦੁੱਧ ਅਤੇ ਪਨੀਰ ਤਿਆਰ ਕਰਨ ਦੀ ਲਾਗਤ (ਕੋਸਟ) ਇਸ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭੋਲੇ-ਭਾਲੇ ਲੋਕ ਸਸਤੇ ਦੇ ਚੱਕਰ ਵਿੱਚ ਆਪਣੇ ਪਰਿਵਾਰਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੇ ਹਨ, ਕਿਉਂਕਿ ਇਹ ਸਿੰਥੈਟਿਕ ਉਤਪਾਦ ਕੈਂਸਰ, ਪੀਲੀਆ ਅਤੇ ਲਿਵਰ ਫੇਲ੍ਹ ਹੋਣ ਵਰਗੀਆਂ ਭਿਆਨਕ ਬਿਮਾਰੀਆਂ ਦੀ ਜੜ੍ਹ ਹਨ।
ਦੋਧੀ ਯੂਨੀਅਨ ਨੇ ਅੰਮ੍ਰਿਤਸਰ ਦੇ ਸਿਵਲ ਸਰਜਨ 'ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਯੂਨੀਅਨ ਦਾ ਵਫ਼ਦ ਇਸ ਜਾਨਲੇਵਾ ਮਸਲੇ ਨੂੰ ਲੈ ਕੇ ਉਨ੍ਹਾਂ ਦੇ ਦਫ਼ਤਰ ਪਹੁੰਚਿਆ, ਤਾਂ ਅੱਗੋਂ ਗੈਰ-ਜ਼ਿੰਮੇਵਾਰਾਨਾ ਜਵਾਬ ਮਿਲਿਆ ਕਿ "ਬਾਜ਼ਾਰ ਵਿੱਚ ਨਕਲੀ ਦੁੱਧ ਵਰਗੀ ਕੋਈ ਚੀਜ਼ ਹੀ ਨਹੀਂ ਹੁੰਦੀ।" ਯੂਨੀਅਨ ਨੇ ਇਸ ਬਿਆਨ ਨੂੰ ਬੇਹੱਦ ਸ਼ਰਮਨਾਕ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੇ ਬਰਾਬਰ ਕਰਾਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਨਕਲੀ ਫੈਕਟਰੀਆਂ 'ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਸੀਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
Get all latest content delivered to your email a few times a month.