IMG-LOGO
ਹੋਮ ਪੰਜਾਬ, ਰਾਸ਼ਟਰੀ, ਖੇਡਾਂ, ਸ਼੍ਰੇਅਸ ਅਈਅਰ ਦੇ ਤੂਫ਼ਾਨੀ ਸੈਂਕੜੇ ਨਾਲ ਪੰਜਾਬ ਕਿੰਗਜ਼ ਦੀ ਧਮਾਕੇਦਾਰ...

ਸ਼੍ਰੇਅਸ ਅਈਅਰ ਦੇ ਤੂਫ਼ਾਨੀ ਸੈਂਕੜੇ ਨਾਲ ਪੰਜਾਬ ਕਿੰਗਜ਼ ਦੀ ਧਮਾਕੇਦਾਰ ਵਾਪਸੀ; ਲਖਨਊ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਆਫ ਦੀਆਂ ਉਮੀਦਾਂ ਰੱਖੀਆਂ ਜ਼ਿੰਦਾ

Admin User - May 24, 2026 12:32 PM
IMG

ਲਗਾਤਾਰ ਛੇ ਹਾਰਾਂ ਦਾ ਸੰਤਾਪ ਹੰਢਾਉਣ ਤੋਂ ਬਾਅਦ ਪੰਜਾਬ ਕਿੰਗਜ਼ ਨੇ ਸਹੀ ਸਮੇਂ 'ਤੇ ਜਿੱਤ ਦੀ ਪਟੜੀ 'ਤੇ ਵਾਪਸੀ ਕਰ ਲਈ ਹੈ। ਸ਼ਨੀਵਾਰ ਨੂੰ ਏਕਾਨਾ ਸਟੇਡੀਅਮ ਵਿੱਚ ਖੇਡੇ ਗਏ ਇੱਕ ਬੇਹੱਦ ਅਹਿਮ ਮੁਕਾਬਲੇ ਵਿੱਚ ਪੰਜਾਬ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਪਲੇਆਫ ਦੀ ਦੌੜ ਵਿੱਚ ਖੁਦ ਨੂੰ ਮਜ਼ਬੂਤੀ ਨਾਲ ਕਾਇਮ ਰੱਖਿਆ ਹੈ। ਇਸ ਧਮਾਕੇਦਾਰ ਜਿੱਤ ਦੇ ਨਾਲ ਹੀ ਪੰਜਾਬ ਦੀ ਟੀਮ 14 ਮੈਚਾਂ ਵਿੱਚੋਂ 7 ਜਿੱਤਾਂ, 15 ਅੰਕਾਂ ਅਤੇ +0.309 ਦੀ ਬਿਹਤਰ ਨੈੱਟ ਰਨ ਰੇਟ ਦੇ ਨਾਲ ਚੋਟੀ ਦੇ ਚਾਰ (Top 4) ਵਿੱਚ ਪਹੁੰਚ ਗਈ ਹੈ। ਹਾਲਾਂਕਿ, ਪੰਜਾਬ ਦੀ ਅਗਲੀ ਕਿਸਮਤ ਹੁਣ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਮੈਚ 'ਤੇ ਟਿਕੀ ਹੋਈ ਹੈ, ਜਿੱਥੇ ਰਾਜਸਥਾਨ ਦੀ ਜਿੱਤ ਪਲੇਆਫ ਦੀ ਆਖਰੀ ਟਿਕਟ ਪੱਕੀ ਕਰੇਗੀ।


ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਨੇ ਅਰਸ਼ਿਨ ਕੁਲਕਰਨੀ (0) ਅਤੇ ਨਿਕੋਲਸ ਪੂਰਨ (2) ਦੇ ਵਿਕਟ ਮਹਿਜ਼ 20 ਦੌੜਾਂ 'ਤੇ ਹੀ ਗੁਆ ਦਿੱਤੇ।


ਮੁਸ਼ਕਿਲ ਘੜੀ ਵਿੱਚ ਜੋਸ਼ ਇੰਗਲਿਸ ਅਤੇ ਆਯੁਸ਼ ਬਡੋਨੀ ਨੇ ਮੋਰਚਾ ਸੰਭਾਲਿਆ ਅਤੇ 23 ਗੇਂਦਾਂ ਵਿੱਚ 49 ਦੌੜਾਂ ਜੋੜੀਆਂ। ਬਡੋਨੀ 18 ਗੇਂਦਾਂ ਵਿੱਚ 5 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾ ਕੇ ਆਊਟ ਹੋਏ।


ਇਸ ਤੋਂ ਬਾਅਦ ਇੰਗਲਿਸ ਨੇ ਕਪਤਾਨ ਰਿਸ਼ਭ ਪੰਤ (26) ਨਾਲ 65 ਦੌੜਾਂ ਅਤੇ ਅਬਦੁਲ ਸਮਦ (37) ਨਾਲ 35 ਦੌੜਾਂ ਦੀਆਂ ਅਹਿਮ ਸਾਂਝੇਦਾਰੀਆਂ ਕੀਤੀਆਂ। ਇੰਗਲਿਸ ਨੇ 9 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਸਦਕਾ ਲਖਨਊ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।


ਪੰਜਾਬ ਵੱਲੋਂ ਗੇਂਦਬਾਜ਼ੀ ਵਿੱਚ ਮਾਰਕੋ ਜਾਨਸਨ ਅਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਝਟਕਾਈਆਂ, ਜਦੋਂ ਕਿ ਅਜ਼ਮਤੁੱਲਾ ਓਮਰਜ਼ਈ ਅਤੇ ਸ਼ਸ਼ਾਂਕ ਸਿੰਘ ਨੂੰ 1-1 ਸਫ਼ਲਤਾ ਮਿਲੀ।


197 ਦੌੜਾਂ ਦੇ ਵੱਡੇ ਹੱਦਫ ਦਾ ਪਿੱਛਾ ਕਰਨ ਉੱਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਵੀ ਨਿਰਾਸ਼ਾਜਨਕ ਰਹੀ ਅਤੇ ਸਲਾਮੀ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਪੈਵੇਲੀਅਨ ਪਰਤ ਗਏ। ਕੂਪਰ ਕੋਨੋਲੀ ਵੀ 18 ਦੌੜਾਂ ਬਣਾ ਕੇ ਜਲਦੀ ਆਊਟ ਹੋ ਗਏ।


ਦੋ ਵਿਕਟਾਂ ਜਲਦੀ ਡਿੱਗਣ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਅਤੇ ਪ੍ਰਭਸਿਮਰਨ ਸਿੰਘ ਨੇ ਲਖਨਊ ਦੇ ਗੇਂਦਬਾਜ਼ਾਂ ਦੀ ਰੇਲ ਬਣਾ ਦਿੱਤੀ। ਦੋਵਾਂ ਨੇ ਤੀਜੇ ਵਿਕਟ ਲਈ ਮਹਿਜ਼ 76 ਗੇਂਦਾਂ ਵਿੱਚ 140 ਦੌੜਾਂ ਦੀ ਤੂਫ਼ਾਨੀ ਸਾਂਝੇਦਾਰੀ ਕਰਕੇ ਲਖਨਊ ਨੂੰ ਮੈਚ ਤੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ। ਪ੍ਰਭਸਿਮਰਨ ਸਿੰਘ 39 ਗੇਂਦਾਂ ਵਿੱਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 69 ਦੌੜਾਂ ਦੀ ਦਮਦਾਰ ਪਾਰੀ ਖੇਡ ਕੇ ਆਊਟ ਹੋਏ।


ਪ੍ਰਭਸਿਮਰਨ ਦੇ ਆਊਟ ਹੋਣ ਤੋਂ ਬਾਅਦ ਵੀ ਕਪਤਾਨ ਸ਼੍ਰੇਅਸ ਅਈਅਰ ਨੇ ਇੱਕ ਪਾਸਾ ਸੰਭਾਲੀ ਰੱਖਿਆ। ਉਨ੍ਹਾਂ ਨੇ ਸੂਰਯਾਂਸ਼ ਸ਼ੈਡਗੇ (ਨਾਬਾਦ 9) ਨਾਲ ਮਿਲ ਕੇ 18 ਗੇਂਦਾਂ ਵਿੱਚ 38 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਅਤੇ 18ਵੇਂ ਓਵਰ ਵਿੱਚ ਹੀ 3 ਵਿਕਟਾਂ ਗੁਆ ਕੇ 200 ਦੌੜਾਂ ਬਣਾਉਂਦਿਆਂ ਪੰਜਾਬ ਦੀ ਜਿੱਤ 'ਤੇ ਮੋਹਰ ਲਾ ਦਿੱਤੀ। ਅਈਅਰ ਨੇ ਮਹਿਜ਼ 51 ਗੇਂਦਾਂ ਦਾ ਸਾਹਮਣਾ ਕਰਦੇ ਹੋਏ 11 ਚੌਕਿਆਂ ਅਤੇ 5 ਗਗਨਚੁੰਬੀ ਛੱਕਿਆਂ ਦੀ ਮਦਦ ਨਾਲ 101 ਦੌੜਾਂ ਦੀ ਨਾਬਾਦ ਸੈਂਕੜੇ ਵਾਲੀ ਪਾਰੀ ਖੇਡੀ। લਖਨਊ ਵੱਲੋਂ ਮੁਹੰਮਦ ਸ਼ਮੀ ਨੇ 2 ਅਤੇ ਅਰਜੁਨ ਤੇਂਦੁਲਕਰ ਨੇ 1 ਵਿਕਟ ਹਾਸਲ ਕੀਤਾ, ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.