ਤਾਜਾ ਖਬਰਾਂ
ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਬੇਹੱਦ ਹੈਰਾਨੀਜਨਕ ਅਤੇ ਵੱਡਾ ਦਾਅਵਾ ਕਰ ਦਿੱਤਾ। ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਆਪਣੇ ਤੈਅ ਸਮੇਂ ਤੋਂ ਪਹਿਲਾਂ, ਯਾਨੀ ਇਸੇ ਸਾਲ ਅਕਤੂਬਰ ਜਾਂ ਨਵੰਬਰ ਮਹੀਨੇ ਵਿੱਚ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੇ ਇਸ ਬਿਆਨ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਸਾਰੀਆਂ ਪਾਰਟੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ।
ਸੁਖਬੀਰ ਸਿੰਘ ਬਾਦਲ ਨੇ ਇਹ ਦਾਅਵਾ ਬੀਤੇ ਦਿਨੀਂ ਨਵਾਂਗਾਓਂ ਵਿਖੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਕੀਤਾ। ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਪਿੱਛੇ ਕੇਂਦਰ ਸਰਕਾਰ ਦੇ ਇੱਕ ਸੰਭਾਵਿਤ ਫ਼ੈਸਲੇ ਦਾ ਹਵਾਲਾ ਦਿੱਤਾ।
ਕਿਉਂ ਹੋਣਗੀਆਂ ਚੋਣਾਂ ਪਹਿਲਾਂ?:
ਅਕਾਲੀ ਦਲ ਦੇ ਪ੍ਰਧਾਨ ਨੇ ਦਲੀਲ ਦਿੱਤੀ ਕਿ ਅਗਲੀ ਪਹਿਲੀ ਜਨਵਰੀ ਤੋਂ ਦੇਸ਼ ਭਰ ਵਿੱਚ ਰਾਸ਼ਟਰੀ ਜਨਗਣਨਾ (Census) ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਜਦੋਂ ਦੇਸ਼ ਵਿੱਚ ਜਨਗਣਨਾ ਦੀ ਪ੍ਰਕਿਰਿਆ ਚੱਲ ਰਹੀ ਹੋਵੇ, ਤਾਂ ਉਸ ਦੌਰਾਨ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ।
ਬਾਦਲ ਨੇ ਦਾਅਵਾ ਕੀਤਾ ਕਿ ਇਸੇ ਤਕਨੀਕੀ ਕਾਰਨ ਕਰਕੇ ਚੋਣਾਂ ਨੂੰ 3 ਮਹੀਨੇ ਪਹਿਲਾਂ ਅਕਤੂਬਰ-ਨਵੰਬਰ ਵਿੱਚ ਹੀ ਨਿਪਟਾ ਲਿਆ ਜਾਵੇਗਾ। ਉਨ੍ਹਾਂ ਮੌਜੂਦਾ ਸੱਤਾਧਾਰੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਸਿਰਫ਼ 4 ਤੋਂ 5 ਮਹੀਨਿਆਂ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਅਕਾਲੀ ਦਲ ਦੇ ਵਰਕਰਾਂ ਕੋਲ ਚੋਣਾਂ ਲਈ ਮਹਿਜ਼ 4 ਮਹੀਨੇ ਹਨ।
ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਇਸ ਬਿਆਨ ਨੂੰ ਮਹਿਜ਼ ਇੱਕ ਸਿਆਸੀ ਸਟੰਟ ਦੱਸਿਆ ਜਾ ਰਿਹਾ ਹੈ, ਜਦੋਂ ਕਿ ਅਕਾਲੀ ਖੇਮਾ ਇਸ ਨੂੰ ਲੈ ਕੇ ਕਾਫ਼ੀ ਗੰਭੀਰ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਅਮਲ ਚੱਲ ਰਿਹਾ ਹੈ। ਇਨ੍ਹਾਂ ਸਥਾਨਕ ਚੋਣਾਂ ਲਈ 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਸਥਾਨਕ ਚੋਣਾਂ ਦੇ ਇਸ ਮਾਹੌਲ ਵਿੱਚ ਵਿਧਾਨ ਸਭਾ ਚੋਣਾਂ ਦੀ ਭਵਿੱਖਬਾਣੀ ਕਰਕੇ ਸੁਖਬੀਰ ਬਾਦਲ ਨੇ ਹਰ ਪਾਸੇ ਹਲਚਲ ਪੈਦਾ ਕਰ ਦਿੱਤੀ ਹੈ।
Get all latest content delivered to your email a few times a month.