ਤਾਜਾ ਖਬਰਾਂ
ਫਰੀਦਕੋਟ ਦੇ ਵਾਰਡ ਨੰਬਰ 17 ਵਿੱਚ ਨਗਰ ਨਿਗਮ ਚੋਣਾਂ ਦੌਰਾਨ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਪੀਏ ‘ਤੇ ਵਿਰੋਧੀ ਪਾਰਟੀਆਂ ਦੇ ਪੋਲਿੰਗ ਏਜੰਟਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲੱਗੇ। ਇਲਜ਼ਾਮ ਹੈ ਕਿ ਉਹ ਬਿਨਾਂ ਅਧਿਕਾਰ ਪੋਲਿੰਗ ਬੂਥ ਅੰਦਰ ਦਾਖਲ ਹੋਇਆ ਅਤੇ ਉਥੇ ਮੌਜੂਦ ਪੋਲਿੰਗ ਏਜੰਟਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਪਣੇ ਸਮਰਥਕਾਂ ਸਮੇਤ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਬੂਥ ਦੇ ਬਾਹਰ ਤਣਾਅ ਵਧ ਗਿਆ ਅਤੇ ਪੁਲਿਸ ਨਾਲ ਸਮਰਥਕਾਂ ਦੀ ਧੱਕਾ-ਮੁੱਕੀ ਵੀ ਹੋਈ। ਸਥਿਤੀ ਕੁਝ ਸਮੇਂ ਲਈ ਤਣਾਅਪੂਰਨ ਬਣੀ ਰਹੀ।
ਕੁਸ਼ਲਦੀਪ ਢਿੱਲੋਂ ਨੇ ਦਾਅਵਾ ਕੀਤਾ ਕਿ ਚੋਣ ਨਿਯਮਾਂ ਅਨੁਸਾਰ ਸਿਰਫ਼ ਪੋਲਿੰਗ ਸਟਾਫ਼, ਅਧਿਕ੍ਰਿਤ ਏਜੰਟ ਅਤੇ ਉਮੀਦਵਾਰ ਨੂੰ ਹੀ ਬੂਥ ਅੰਦਰ ਜਾਣ ਦੀ ਆਗਿਆ ਹੁੰਦੀ ਹੈ, ਪਰ ਵਿਧਾਇਕ ਦਾ ਪੀਏ ਗੈਰ-ਕਾਨੂੰਨੀ ਤਰੀਕੇ ਨਾਲ ਅੰਦਰ ਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਵੋਟਰਾਂ ‘ਤੇ ਦਬਾਅ ਬਣਾਉਣ ਅਤੇ ਕਥਿਤ ਜਾਲਸਾਜ਼ੀ ਵਾਲੀਆਂ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਉਨ੍ਹਾਂ ਮੁਤਾਬਕ, ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਸੰਬੰਧਤ ਵਿਅਕਤੀ ਪਿਛਲੇ ਦਰਵਾਜ਼ੇ ਰਾਹੀਂ ਉਥੋਂ ਨਿਕਲ ਚੁੱਕਾ ਸੀ। ਬਾਅਦ ਵਿੱਚ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ ਅਤੇ ਭਰੋਸਾ ਦਿਵਾਇਆ ਕਿ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਗੈਰ-ਅਧਿਕਾਰਤ ਵਿਅਕਤੀ ਨੂੰ ਪੋਲਿੰਗ ਬੂਥ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
Get all latest content delivered to your email a few times a month.