ਤਾਜਾ ਖਬਰਾਂ
ਫਰੀਦਕੋਟ ਜ਼ਿਲ੍ਹੇ ਵਿੱਚ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੀ ਲਗਾਤਾਰ ਹੋ ਰਹੀ ਚੋਰੀ ਨੇ ਕਿਸਾਨਾਂ ਨੂੰ ਗੰਭੀਰ ਚਿੰਤਾ ਵਿੱਚ ਪਾ ਦਿੱਤਾ ਹੈ। ਬੀਤੇ ਕੁਝ ਦਿਨਾਂ ਦੌਰਾਨ ਹੀ ਕਰੀਬ 25 ਮੋਟਰਾਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਤੋਂ ਪਹਿਲਾਂ ਵੀ 15 ਦੇ ਕਰੀਬ ਮੋਟਰਾਂ ਚੋਰੀ ਹੋ ਚੁੱਕੀਆਂ ਸਨ। ਕੁੱਲ ਮਿਲਾ ਕੇ 40 ਤੋਂ ਵੱਧ ਚੋਰੀਆਂ ਨੇ ਇਲਾਕੇ ਦੇ ਕਿਸਾਨਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ’ਤੇ ਝੰਝੋੜ ਕੇ ਰੱਖ ਦਿੱਤਾ ਹੈ।
ਇਨ੍ਹਾਂ ਘਟਨਾਵਾਂ ਤੋਂ ਦੁਖੀ ਕਿਸਾਨਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਅਨੋਖਾ ਅਤੇ ਭਾਵੁਕ ਪੋਸਟਰ ਸਾਂਝਾ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੋਸਟਰ ਵਿੱਚ ਕਿਸਾਨਾਂ ਨੇ ਚੋਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਮੋਟਰਾਂ ਚੋਰੀ ਕਰਨ ਦੀ ਬਜਾਏ ਕਿਸੇ ਸਾਂਝੀ ਥਾਂ ’ਤੇ ਸਕੈਨਰ (QR ਕੋਡ) ਲਗਾ ਦੇਣ, ਤਾਂ ਸਾਰੇ ਕਿਸਾਨ ਮਿਲ ਕੇ ਉਸ ਵਿੱਚ ਪੈਸੇ ਪਾ ਦਿੱਤਾ ਕਰਨਗੇ। ਇਸ ਤਰ੍ਹਾਂ ਘੱਟੋ-ਘੱਟ ਉਨ੍ਹਾਂ ਦੀਆਂ ਮੋਟਰਾਂ ਤਾਂ ਬਚ ਜਾਣਗੀਆਂ।
ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਮੋਟਰ ਖਰੀਦਣ ਲਈ ਉਨ੍ਹਾਂ ਨੂੰ 40 ਤੋਂ 50 ਹਜ਼ਾਰ ਰੁਪਏ ਤੱਕ ਖਰਚ ਕਰਨੇ ਪੈਂਦੇ ਹਨ, ਜਦਕਿ ਚੋਰ ਇਨ੍ਹਾਂ ਨੂੰ ਕਬਾੜ ਵਿੱਚ ਬਹੁਤ ਘੱਟ ਕੀਮਤ ’ਤੇ ਵੇਚ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਘਾਟੇ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਵਾਰ-ਵਾਰ ਇਸ ਤਰ੍ਹਾਂ ਦਾ ਨੁਕਸਾਨ ਸਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ।
ਇਸ ਦੇ ਨਾਲ ਹੀ ਕਿਸਾਨਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਬਾੜੀਆਂ ਅਤੇ ਸਕ੍ਰੈਪ ਡੀਲਰਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਪੁਰਾਣੀ ਮੋਟਰ ਵੇਚਣ ਲਈ ਆਉਂਦਾ ਹੈ ਤਾਂ ਉਸ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਚੋਰੀਆਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਤਾਂ ਜੋ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਹੋਰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।
Get all latest content delivered to your email a few times a month.