IMG-LOGO
ਹੋਮ ਪੰਜਾਬ: ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ...

ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ : ਗੁਰਭਜਨ ਗਿੱਲ

Admin User - Jun 09, 2026 08:28 PM
IMG

10 ਜੂਨ ਨੂੰ ਸ਼ਰਧਾਂਜਲੀ ਸਮਾਗਮ ਤੇ ਪ੍ਰਕਾਸ਼ਨ ਹਿਤ

ਅਲਵਿਦਾ ਨਹੀਂ, ਯਾਦਾਂ ਵਿੱਚ ਹਾਜ਼ਰ ਰਹੇਗਾ ਸਵਰਨ ਸਿੰਘ ਭੰਗੂ ਵੀਰ

ਗੁਰਭਜਨ ਗਿੱਲ


“ਧਰਤੀ ਅੰਬਰ ਹੁੰਗਾਰਾ ਭਰਦੇ ਸਨ ਸਵਰਨ ਸਿੰਘ ਭੰਗੂ ਦੀ ਆਵਾਜ਼ ਨੂੰ। ਉਸ ਨੇ ਇਹ ਸ਼ਕਤੀ ਆਪਣੇ ਸਬਰ ਸਿਦਕ ਸੰਤੋਖ ਤੇ ਸਮਰਪਣ ਨਾਲ ਕਮਾਈ ਸੀ।” ਅੱਜ ਹੀ ਡੈਲਸ ਵੱਸਦੀ ਸ਼ਾਇਰ ਜਸਬੀਰ ਕੌਰ ਮੈਂਨੂੰ ਕਹਿ ਰਹੀ ਸੀ। ਮੈਂ ਅੱਖਰ ਅੱਖਰ ਸਹਿਮਤ ਹਾਂ ਉਸ ਦੀ ਗੱਲ ਨਾਲ। 

ਵਕਤ ਦਾ ਦਰਿਆ ਪਹਿਲਾਂ ਸਮਰਾਲੇ ਵਾਲੇ ਮਾਸਟਰ ਤਰਲੋਚਨ ਸਿੰਘ ਨੂੰ ਲੈ ਗਿਆ, ਫਿਰ ਮਾਛੀਵਾੜਿਉਂ ਸੁਖਜੀਤ ਨੂੰ ਤੇ ਹੁਣ ਸਵਰਨ ਨੂੰ।  ਇਹ ਨਵਾਂ ਹੀ ਢਾਹਾ ਬਣ ਗਿਆ। ਸਾਡੇ ਤਿੰਨ ਹੀਰੇ ਦਰਿਆ ਬੁਰਦ ਹੋ ਗਏ। 

ਸੁਪਨਿਆਂ ਵਿੱਚ ਨਵੇਂ ਨਵੇਲੇ ਰੰਗ ਭਰਦਾ ਭਰਦਾ ਸਵਰਨ ਸਿੰਘ ਭੰਗੂ ਸਦੀਵੀ ਅਲਵਿਦਾ ਤਾਂ ਕਹਿ ਗਿਆ ਪਰ ਜਾਣ ਲੱਗਾ ਬਹੁਤ ਸਟਲ ਸੁਨੇਹੇ ਦੇ ਗਿਆ। 

ਕਹਿ ਗਿਆ ਕਿ ਹਰ ਪਲ ਨੂੰ ਸਾਰਥਕ ਕਾਰਜਾਂ ਲਈ ਵਰਤੋ। ਬਾਵਾ ਬਲਵੰਤ ਦੀ ਕਵਿਤਾ ਵਾਲਾ ਸੁਨੇਹਾ ਕਿ ਜੇ ਮੌਤ ਨੇ ਤੁਹਾਨੂੰ ਇੱਕ ਪਲ ਵੀ ਤਿਆਰੀ ਲਈ ਨਹੀੰੰ ਦੇਣਾ ਤਾਂ ਚੰਗੀ ਭਲੀ ਜ਼ਿੰਦਗੀ ਨੂੰ ਮੌਤ ਕਿਉਂ ਰੀਤਾ ਜਾਵੇ। 

ਸੁਪਨਾ ਲਵੋ ਤਾਂ ਸਮੂਹ ਲਈ, ਵਿਅਕਤੀਗਤ ਸੁਪਨੇ ਤੁਹਾਨੂੰ  ਸਮੂਹ ਤੋਂ ਨਿਖੇੜਦੇ ਨੇ। 

ਕਹਿ ਗਿਆ ਕਿ ਚੌਂਕ ਵਿੱਚ ਚੌਮੁਖੀਏ ਚਿਰਾਗ ਵਾਂਗ ਜਗੋ, ਆਪੋ ਆਪਣੇ ਘਰ ਨੂੰ ਤਾਂ ਹਰ ਕੋਈ ਰੁਸ਼ਨਾਉਂਦਾ ਹੈ। 

ਮੂੰਹ ਹਨ੍ਹੇਰੇ ਕਿੰਨੀ ਅਣ ਲਿਖੀ ਇਬਾਰਤ  ਸਾਡੇ ਸਨਮੁਖ ਧਰ ਗਿਆ। ਤੁਸੀਂ ਸ਼ਭ ਗਟਰ ਵਿੱਚ ਹੋ? ਕਦੋਂ ਨਿਕਲੋਗੈ ਤੇ ਬਾਕੀਆਂ ਨੂੰ ਕੱਢੇਗੇ। 

ਚਮਕੌਰ ਸਾਹਿਬ ਸਵਾਲ ਕਰਦਾ ਹੈ ਸਾਨੂੰ ਸਭ ਨੂੰ, ਕੌਣ ਭਰੇਗਾ ਉਸ ਦਾ ਖ਼ਲਾਅ । 

ਉਸ ਦੇ ਵਾਹੇ ਨਕਸ਼ਿਆਂ ਵਿੱਚ ਕੌਣ ਰੰਗ ਭਰੇਗਾ? 

ਉਸ ਪੱਤਰਕਾਰੀ ਕੀਤੀ ਤਾਂ ਨਿਵੇਕਲੀ। ਲੋਕ ਸਮੱਸਿਆਵਾਂ ਨੂੰ ਹਕੂਮਤੀ ਦਰਬਾਰਾਂ ਸਨਮੁੱਖ  ਕਲਮ ਰਾਹੀਂ ਪੇਸ਼ ਕੀਤਾ। 

ਸਵਰਨ  ਸਿੰਘ ਭੰਗੂ ਨਾਲ ਮੇਰੀ ਮੁਲਾਕਾਤ ਤਾਂ ਚੋਖੀ ਪੁਰਾਣੀ ਸੀ ਪਰ ਨਿਕਟਵਰਤੀ ਲੰਮੀ ਮੁਲਾਕਾਤ ਡੈਲਸ(ਅਮਰੀਕਾ) ਵੱਸਦੀ ਸ਼ਾਇਰਾ ਜਸਬੀਰ ਕੌਰ ਨੇ ਕਰਵਾਈ 2024 ਨਵੰਬਰ ਵਿੱਚ। ਜਸਬੀਰ ਨਾਲ ਸਵਰਨ ਤੇ ਉਸਦੀ ਜੀਵਨ ਸਾਥਣ ਗੁਰਪ੍ਰੀਤ ਕੌਰ ਭੰਗੂ ਵੀ ਸਾਡੇ ਘਰ ਆਏ। ਪ੍ਰੋ਼ ਰਵਿੰਦਰ ਭੱਠਲ ਤੇ ਡਾ. ਸੁਰਿੰਦਰ ਕੌਰ ਭੱਠਲ ਨਾਲ। 

ਗੁਰਪ੍ਰੀਤ  ਭੰਗੂ ਪਹਿਲਾਂ  ਭਾ ਜੀ ਗੁਰਸ਼ਰਨ ਸਿੰਘ ਨਾਲ ਨਾਟਕਾਂ ਵਿੱਚ ਕੰਮ ਕਰਦੀ ਸੀ ਪਰ ਹੁਣ ਲੰਮੇ ਸਮੇਂ ਤੋਂ ਪੰਜਾਬੀ ਫ਼ਿਲਮਾਂ ਵਿੱਚ ਸਮਰੱਥ ਕਲਾਕਾਰ ਵਜੋਂ ਹਾਜ਼ਰ ਹੈ। 

ਸਵਰਨ ਅਗਾਂਹਵਧੂ ਸੋਚ ਕਾਰਨ  ਤਰਕਸ਼ੀਲ ਲਹਿਰ, ਪੰਜਾਬ ਲੋਕ ਸੱਭਿਆਚਾਰ ਮੰਚ ਤੇ ਕਈ ਹੋਰ ਸੰਸਥਾਵਾਂ ਲਈ ਕੰਮ ਕਰਦਾ ਸੀ। 

ਪੇਂਡੂ ਸਿੱਖਿਆ ਦੇ ਖੇਤਰ ਵਿੱਚ ਸਵਰਨ ਸਿੰਘ ਭੰਗੂ ਮਾਡਲ ਦੀ ਮਿਸਾਲ ਡਾਂ ਮਨਮੋਹਨ ਸਿੰਘ ਆਈ ਏ ਐੱਸ ਤੇ ਡਾ. ਕੁਲਦੀਪ ਸਿੰਘ ਵਰਗੇ ਵੱਡੇ ਸਿੱਖਿਆ ਸ਼ਾਸਤਰੀ ਦਿੰਦੇ  ਹਨ। 

ਮੈਂ  ਆਪ ਉਸ ਦੇ ਬੱਸੀ ਗੁੱਜਰਾਂ ਵਿੱਚ ਚਲਾਏ ਜਾ ਰਹੇ ਸਾਲਾਨਾ ਸਮਾਗਮ ਵਿੱਚ 2024 ਦੇ ਇੱਕ ਸਿਆਲ ਆਪਣੇ ਮਿੱਤਰਾਂ ਦਿਲਬਾਗ ਸਿੰਘ ਭੱਟੀ ਤੇ ਗੁਰਨਾਮ ਸਿੰਘ ਧਾਲੀਵਾਲ ਸਮੇਤ ਸ਼ਾਮਲ ਹੋਇਆ ਸਾਂ। ਫਿਰ ਮਿਲਣ ਦੀ ਇਕਰਾਰ ਕਰਕੇ ਨਿੱਖੜਿਆ ਪਰ ਉਹ ਫਿਰ ਹੁਣ ਕਦੇ ਨਹੀਂ ਆਵੇਗੀ। 

ਸਵਰਨ ਦੇ ਵਟਸਐਪ ਵਿੱਚ ਕੁਲਵੰਤ ਨੀਲੋਂ ਦਾ ਲਿਖਿਆ ਸ਼ਿਅਰ ਹੁਣ ਵੀ ਲਗਾਤਾਰ ਪੜ੍ਹ ਰਿਹਾ ਹਾਂ। 

ਤੂੰ ਠੋਕਰਾਂ ‘ਚੋਂ ਠੋਸ ਇਰਾਦੇ ਨੂੰ ਜਨਮ ਦੇਹ, 

ਸੌ ਵਾਰ ਤੈਨੂੰ ਆਖਿਐ ਹੌਕਾ ਨਹੀਂ ਭਰੀਦਾ। 

ਸਵਰਨ ਸਿੰਘ ਭੰਗੂ ਤੇ ਉਸ ਦੀ ਜੀਵਨ ਸਾਥਣ ਗੁਰਪ੍ਰੀਤ ਭੰਗੂ ਪਰੂੰ ਪਰਾਰ ਲਾਹੌਰ ਗਏ ਤਾਂ ਲੋਕ ਮਨਾਂ ਤੇ ਪੈੜਾਂ ਪਾ ਕੇ ਆਏ। ਸਹਿਜਪ੍ਹੀਤ ਮਾਂਗਟ ਦੱਸ ਰਿਹਾ ਸੀ ਕਿ ਆਪਣੀ ਗਹਿਰ ਗੰਭੀਰਤਾ ਤੇ ਸਾਦਗੀ ਕਾਰਨ ਉਨ੍ਹਾਂ ਬੜਾ ਜੱਸ ਖੱਟਿਆ। 

ਸਵਰਨ ਦੇ ਜਾਣ ਕੇ ਮੈਂ ਆਪਣੀ ਇਹ ਗ਼ਜ਼ਲ ਉਸ ਦੇ ਨਾਮ ਕਰਦਾ ਹਾਂ। 

 ਖ਼ੁਸ਼ਬੂ ਦਾ ਫੁੱਲ ਤੂੰ ਵਿਛੜਨਾ, ਕੀ ਕਹਿਰ ਕਰ ਗਿਆ ।

 ਖਿੜਿਆ ਗੁਲਾਬ, ਆਪਣੇ ਰੰਗਾਂ ਤੋਂ ਡਰ ਗਿਆ ।

 ਸ਼ਬਦਾਂ ਨੂੰ ਇਮਤਿਹਾਨ ਵਿੱਚ ਪਾਇਆ ਹੈ ਵਕਤ ਨੇ,

 ਸਿਦਕਾਂ ਦੀ ਪਰਖ ਵਾਸਤੇ, ਤਵੀਆਂ ’ਤੇ ਕਰ ਗਿਆ ।

 ਹੰਝੂ ਦਾ ਅੱਖ 'ਚ ਠਹਿਰਨਾ, ਆਉਣਾ ਨਾ ਬਾਹਰ ਨੂੰ,

 ਧੜਕਣ ਨੂੰ ਏਹੀ ਹਾਦਸਾ, ਪੱਥਰ ਹੈ ਕਰ ਗਿਆ ।

 ਆਇਆ ਤੂਫ਼ਾਨ, ਆਣ ਕੇ, ਰੁਕਿਆ ਨਾ ਅਟਕਿਆ,

 ਬਸਤੀ ਉਜਾੜ ਤੁਰ ਗਿਆ, ਖੰਡਰ ਹੈ ਕਰ ਗਿਆ ।

 ਕਿੱਥੇ ਬਿਰਾਜਮਾਨ ਹੈਂ ਤੂੰ, ਦਿਲ ਦੇ ਮਹਿਰਮਾ,

 ਦੇ ਜਾ ਉਧਾਰਾ ਜ਼ਖਮ ਇੱਕ, ਪਹਿਲਾ ਤਾਂ ਭਰ ਗਿਆ ।

 ਗ਼ਰਜ਼ਾਂ ਦੇ ਡੂੰਘੇ ਸਾਗਰੀਂ, ਤੂੰ ਤੈਰਿਆ ਨਹੀਂ,

 ਜਿਹੜਾ ਵੀ ਲਾਸ਼ ਬਣ ਗਿਆ, ਉਹੀ ਏ ਤਰ ਗਿਆ ।

 ਤੇਰੀ ਰਜ਼ਾ ਕਮਾਲ ਹੈ, ਬੇ-ਰਹਿਮ ਐ ਨਿਜ਼ਾਮ,

 ਬਾਗਾਂ 'ਚੋਂ ਫੁੱਲ ਤੋੜ ਕੇ, ਸਿਵਿਆਂ ਤੇ ਧਰ ਗਿਆ ।

◼️

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.