ਤਾਜਾ ਖਬਰਾਂ
ਬਿਹਾਰ ਦੀ ਰਾਜਧਾਨੀ ਪਟਨਾ ਦੇ ਪਾਟਲੀਪੁੱਤਰ ਰੇਲਵੇ ਸਟੇਸ਼ਨ 'ਤੇ ਐਤਵਾਰ ਨੂੰ ਉਸ ਵੇਲੇ ਯੁੱਧ ਵਰਗਾ ਮਾਹੌਲ ਬਣ ਗਿਆ, ਜਦੋਂ ਬਿਹਾਰ ਪੁਲਿਸ ਪ੍ਰੋਹਿਬਿਸ਼ਨ ਡਿਪਾਰਟਮੈਂਟ (ਆਬਕਾਰੀ ਵਿਭਾਗ) ਦੀ ਪ੍ਰੀਖਿਆ ਦੇਣ ਆਏ ਹਜ਼ਾਰਾਂ ਉਮੀਦਵਾਰ ਉਗਰ ਹੋ ਗਏ। ਰੇਲਵੇ ਦੇ ਪ੍ਰਬੰਧਾਂ ਤੋਂ ਨਾਰਾਜ਼ ਪ੍ਰੀਖਿਆਰਥੀਆਂ ਨੇ ਸਟੇਸ਼ਨ 'ਤੇ ਜ਼ਬਰਦਸਤ ਹੰਗਾਮਾ ਕਰਦਿਆਂ ਪ੍ਰੀਖਿਆ ਲਈ ਖੜ੍ਹੀ ਕੀਤੀ ਇੱਕ ਵਿਸ਼ੇਸ਼ ਟ੍ਰੇਨ ਦੀ ਬੁਰੀ ਤਰ੍ਹਾਂ ਤੋੜਫੋੜ ਕੀਤੀ। ਬੇਕਾਬੂ ਹੋਈ ਭੀੜ ਨੂੰ ਖਿੰਡਾਉਣ ਅਤੇ ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਲਾਠੀਚਾਰਜ ਕਰਨ ਤੋਂ ਇਲਾਵਾ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਹਵਾਈ ਫਾਇਰਿੰਗ ਵੀ ਕਰਨੀ ਪਈ।
ਮਿਲੀ ਜਾਣਕਾਰੀ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰੀਖਿਆ ਕੇਂਦਰਾਂ ਵੱਲ ਜਾਣ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਸਟੇਸ਼ਨ 'ਤੇ ਇਕੱਠੇ ਹੋਏ ਸਨ। ਟ੍ਰੇਨਾਂ ਦੀ ਘਾਟ ਅਤੇ ਬਦਇੰਤਜ਼ਾਮੀ ਨੂੰ ਦੇਖਦੇ ਹੋਏ ਉਮੀਦਵਾਰਾਂ ਦਾ ਸਬਰ ਟੁੱਟ ਗਿਆ ਅਤੇ ਵਿਰੋਧ ਪ੍ਰਦਰਸ਼ਨ ਹਿੰਸਕ ਪੱਥਰਬਾਜ਼ੀ ਵਿੱਚ ਬਦਲ ਗਿਆ। ਬਦਮਾਸ਼ਾਂ ਨੇ ਰੇਲਵੇ ਟਰੈਕ ਜਾਮ ਕਰਕੇ ਆਵਾਜਾਈ ਠੱਪ ਕਰਨ ਦੀ ਕੋਸ਼ਿਸ਼ ਕੀਤੀ। ਇਸ ਪੱਥਰਬਾਜ਼ੀ ਦੀ ਲਪੇਟ ਵਿੱਚ ਆਉਣ ਕਰਕੇ ਇੰਸਪੈਕਟਰ ਜਨਰਲ (IG) ਸਹਿਤ ਕਈ ਪੁਲਿਸ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਸਟੇਸ਼ਨ ਕੰਪਲੈਕਸ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਟਨਾ ਦੇ ਜ਼ਿਲ੍ਹਾ ਮੈਜਿਸਟ੍ਰੇਟ (DM) ਡਾ. ਤਿਆਗਰਾਜਨ ਨੇ ਦੱਸਿਆ ਕਿ ਦੇਰ ਰਾਤ ਸਟੇਸ਼ਨ 'ਤੇ ਹੰਗਾਮੇ ਦੀ ਸੂਚਨਾ ਮਿਲੀ ਸੀ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਦੋ ਵਿਸ਼ੇਸ਼ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਸੀ, ਪਰ ਕੁਝ ਸ਼ਰਾਰਤੀ ਅਨਸਰਾਂ ਨੇ ਵਾਰ-ਵਾਰ ਐਮਰਜੈਂਸੀ ਚੇਨ ਖਿੱਚ ਕੇ ਟ੍ਰੇਨਾਂ ਨੂੰ ਰੋਕਿਆ ਅਤੇ ਹੋਰ ਗੱਡੀਆਂ ਦੀ ਮੰਗ ਕਰਦਿਆਂ ਹੰਗਾਮਾ ਵਧਾ ਦਿੱਤਾ।
ਡੀਐਮ ਮੁਤਾਬਕ ਕੁਝ ਉਪਦਰੀਆਂ ਨੇ ਮਨ ਲਗਾ ਕੇ ਪ੍ਰੀਖਿਆ ਦੇਣ ਜਾ ਰਹੇ ਹੋਰਨਾਂ ਸਿੱਧੇ-ਸਾਧੇ ਉਮੀਦਵਾਰਾਂ ਨੂੰ ਵੀ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਨੂੰ ਹਲਕਾ ਬਲ ਪ੍ਰਯੋਗ ਕਰਨਾ ਪਿਆ। ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਅਤੇ ਸ਼ਾਂਤਪੂਰਨ ਹੈ। ਸਾਰੀਆਂ ਵਿਸ਼ੇਸ਼ ਟ੍ਰੇਨਾਂ ਨੂੰ ਪ੍ਰੀਖਿਆਰਥੀਆਂ ਸਮੇਤ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਰੇਲਵੇ ਦਾ ਸੰਚਾਲਨ ਮੁੜ ਆਮ ਵਾਂਗ ਬਹਾਲ ਹੋ ਗਿਆ ਹੈ।
Get all latest content delivered to your email a few times a month.