IMG-LOGO
ਹੋਮ ਰਾਸ਼ਟਰੀ: ਰਾਮ ਮੰਦਰ ਦੇ ਦਾਨ 'ਚ ਵੱਡੀ ਹੇਰਾਫੇਰੀ! ਅਯੁੱਧਿਆ ਪੁਲਿਸ ਨੇ...

ਰਾਮ ਮੰਦਰ ਦੇ ਦਾਨ 'ਚ ਵੱਡੀ ਹੇਰਾਫੇਰੀ! ਅਯੁੱਧਿਆ ਪੁਲਿਸ ਨੇ ਫੜਿਆ ਚੋਰ; ਨੋਟਾਂ ਦੇ ਬੰਡਲ ਲੁਕਾਉਣ ਲਈ ਅਪਣਾਇਆ ਅਜੀਬ ਤਰੀਕਾ, ਗੋਹੇ 'ਚੋਂ ਨਿਕਲੇ ਲੱਖਾਂ ਰੁਪਏ

Admin User - Jun 14, 2026 01:11 PM
IMG

ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਜਾਣ ਵਾਲੇ ਦਾਨ ਦੀ ਰਕਮ ਵਿੱਚ ਵੱਡੇ ਪੱਧਰ 'ਤੇ ਗਬਨ (ਹੇਰਾਫੇਰੀ) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਸ ਦੀ ਗੰਭੀਰਤਾ ਅਤੇ ਧਾਰਮਿਕ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰ ਦਿੱਤਾ ਹੈ। ਇਸੇ ਦੌਰਾਨ ਸਪੈਸ਼ਲ ਓਪਰੇਸ਼ਨ ਗਰੁੱਪ (SOG) ਨੇ ਵੱਡੀ ਕਾਰਵਾਈ ਕਰਦਿਆਂ ਮੰਦਰ ਦੇ ਇੱਕ ਸ਼ੱਕੀ ਕਰਮਚਾਰੀ ਲਵਕੁਸ਼ ਮਿਸ਼ਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।


ਮੰਦਰ ਪ੍ਰਸ਼ਾਸਨ ਵਿੱਚ ਦਾਨ ਦੀ ਗਿਣਤੀ ਕਰਨ ਵਾਲੇ ਸਟਾਫ਼ ਵਿੱਚ ਸ਼ਾਮਲ ਲਵਕੁਸ਼ ਮਿਸ਼ਰਾ ਦੇ ਰੁਦੌਲੀ ਸਥਿਤ ਪਿੰਡ ਮੀਨਾਪੁਰ ਫਗੌਲੀ (ਸ਼ੁਜਾਗੰਜ) ਵਿੱਚ ਜਦੋਂ ਜਾਂਚ ਟੀਮ ਨੇ ਛਾਪਾ ਮਾਰਿਆ, ਤਾਂ ਉੱਥੋਂ ਕਰੀਬ 10 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਹੈਰਾਨੀ ਦੀ ਗੱਲ ਇਹ ਰਹੀ ਕਿ ਮੁਲਜ਼ਮ ਨੇ ਚੋਰੀ ਕੀਤੇ ਪੈਸਿਆਂ ਨੂੰ ਛੁਪਾਉਣ ਲਈ ਅਜੀਬ ਤਰੀਕਾ ਅਪਣਾਇਆ ਸੀ। ਰਕਮ ਦਾ ਕੁਝ ਹਿੱਸਾ ਘਰ ਦੇ ਅੰਦਰ ਲੱਗੀ ਅਲਮਾਰੀ ਵਿੱਚ ਰੱਖਿਆ ਹੋਇਆ ਸੀ, ਜਦੋਂ ਕਿ ਬਾਕੀ ਦੇ ਨੋਟਾਂ ਦੇ ਬੰਡਲ ਬਾਹਰ ਗੋਹੇ (ਰੂੜੀ) ਦੇ ਢੇਰ ਅਤੇ ਪਾਥੀਆਂ ਦੇ ਅੰਦਰ ਲੁਕਾ ਕੇ ਰੱਖੇ ਗਏ ਸਨ। ਪੁਲਿਸ ਹੁਣ ਇਸ ਬਰਾਮਦ ਹੋਈ ਰਕਮ ਦੇ ਅਸਲ ਸਰੋਤ ਦੀ ਕਾਨੂੰਨੀ ਜਾਂਚ ਕਰ ਰਹੀ ਹੈ।


ਸਥਾਨਕ ਲੋਕਾਂ ਮੁਤਾਬਕ 27 ਸਾਲਾ ਲਵਕੁਸ਼ ਮਿਸ਼ਰਾ ਪਹਿਲਾਂ ਇੱਕ ਆਮ ਕਾਰ ਮਕੈਨਿਕ ਵਜੋਂ ਕੰਮ ਕਰਦਾ ਸੀ ਅਤੇ ਉਸਦੀ ਆਰਥਿਕ ਸਥਿਤੀ ਕਾਫ਼ੀ ਕਮਜ਼ੋਰ ਸੀ। ਪਰ ਕਰੀਬ 5-6 ਮਹੀਨੇ ਪਹਿਲਾਂ ਰਾਮ ਮੰਦਰ ਵਿੱਚ ਬਤੌਰ ਮਜ਼ਦੂਰ/ਕਰਮਚਾਰੀ ਨੌਕਰੀ ਮਿਲਣ ਤੋਂ ਬਾਅਦ ਅਚਾਨਕ ਉਸਦੀ ਜੀਵਨ ਸ਼ੈਲੀ ਅਤੇ ਵਿੱਤੀ ਹਾਲਤ ਵਿੱਚ ਵੱਡਾ ਉਛਾਲ ਆਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਿੰਡ ਵਿੱਚ ਹੁਣ ਗੋਹੇ ਦੇ ਢੇਰ ਵਿੱਚੋਂ ਮਿਲੇ ਲੱਖਾਂ ਰੁਪਏ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।


ਦੂਜੇ ਪਾਸੇ ਮੁਲਜ਼ਮ ਦੇ ਪਿਤਾ ਬੱਚੂ ਲਾਲ ਨੇ ਆਪਣੇ ਪੁੱਤਰ 'ਤੇ ਲੱਗੇ ਦਾਨ ਚੋਰੀ ਦੇ ਦੋਸ਼ਾਂ 'ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਰਵੀ ਮਿਸ਼ਰਾ ਨੇ ਲਵਕੁਸ਼ ਨੂੰ ਮੰਦਰ ਵਿੱਚ ਕੰਮ 'ਤੇ ਲਗਵਾਇਆ ਸੀ। ਫੈਜ਼ਾਬਾਦ ਵਿੱਚ ਬਣ ਰਹੇ ਉਨ੍ਹਾਂ ਦੇ ਨਵੇਂ ਮਕਾਨ ਬਾਰੇ ਬੋਲਦਿਆਂ ਪਿਤਾ ਨੇ ਕਿਹਾ ਕਿ ਇਸ ਜ਼ਮੀਨ ਅਤੇ ਨਿਰਮਾਣ ਕਾਰਜ ਨਾਲ ਉਨ੍ਹਾਂ ਦੇ ਪੁੱਤਰ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਇਹ ਮਕਾਨ ਆਪਣੀ 10-12 ਏਕੜ ਖੇਤੀਬਾੜੀ ਵਾਲੀ ਜ਼ਮੀਨ ਗਿਰਵੀ ਰੱਖ ਕੇ ਲਏ ਕਰਜ਼ੇ ਨਾਲ ਬਣਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਲਵਕੁਸ਼ ਵੱਲੋਂ ਲਿਆਂਦੇ ਪੈਸੇ ਆਪਣੇ ਨਾਲ ਲੈ ਗਈ ਹੈ ਅਤੇ ਪਰਿਵਾਰ ਦਾ ਉਸ ਰਕਮ ਨਾਲ ਕੋਈ ਵਾਸਤਾ ਨਹੀਂ ਹੈ। ਫਿਲਹਾਲ ਐਸਆਈਟੀ ਮੰਦਰ ਦੇ ਹੋਰ ਸਟਾਫ਼ ਅਤੇ ਦਾਨ ਪ੍ਰਬੰਧਨ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਖ਼ੇਡ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.