IMG-LOGO
ਹੋਮ ਪੰਜਾਬ: ਮੰਡੀ ਗੋਬਿੰਦਗੜ੍ਹ ਫਲਾਈਓਵਰ 'ਤੇ ਭਿਆਨਕ ਹਾਦਸਾ: ਅਣਪਛਾਤੀ ਗੱਡੀ ਨੇ ਮਾਰੀ...

ਮੰਡੀ ਗੋਬਿੰਦਗੜ੍ਹ ਫਲਾਈਓਵਰ 'ਤੇ ਭਿਆਨਕ ਹਾਦਸਾ: ਅਣਪਛਾਤੀ ਗੱਡੀ ਨੇ ਮਾਰੀ ਟੱਕਰ; 40 ਫੁੱਟ ਹੇਠਾਂ ਡਿੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ, 26 ਜੂਨ ਨੂੰ ਇੱਕ...

Admin User - Jun 16, 2026 01:30 PM
IMG

ਲੁਧਿਆਣਾ-ਅੰਬਾਲਾ ਰਾਸ਼ਟਰੀ ਸ਼ਾਹਰਾਹ 'ਤੇ ਸਥਿਤ ਮੰਡੀ ਗੋਬਿੰਦਗੜ੍ਹ ਦੇ ਫਲਾਈਓਵਰ 'ਤੇ ਅੱਧੀ ਰਾਤ ਨੂੰ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ। ਚੰਨਣ ਰਾਮ ਪੈਟਰੋਲ ਪੰਪ ਦੇ ਨਜ਼ਦੀਕ ਪੁਲ ਉੱਪਰ ਖ਼ਰਾਬ ਖੜ੍ਹੇ ਟੈਂਪੂ ਨੂੰ ਠੀਕ ਕਰ ਰਹੇ ਦੋ ਸਕੇ ਭਰਾਵਾਂ ਨੂੰ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਭਰਾ ਫਲਾਈਓਵਰ ਦੀ ਰੇਲਿੰਗ ਪਾਰ ਕਰਕੇ ਲਗਭਗ 40 ਫੁੱਟ ਹੇਠਾਂ ਜਾ ਡਿੱਗੇ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਅਵਤਾਰ ਸਿੰਘ ਅਤੇ ਜਗਦੇਵ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਦੋਰਾਹਾ ਦੇ ਰਹਿਣ ਵਾਲੇ ਸਨ।


ਮਿਲੀ ਜਾਣਕਾਰੀ ਮੁਤਾਬਕ ਇੱਕ ਭਰਾ ਸਰਹਿੰਦ ਵਾਲੇ ਪਾਸੇ ਤੋਂ ਆਪਣੇ ਟੈਂਪੂ (ਨੰਬਰ: PB-10-FV-4193) ਵਿੱਚ ਪਾਣੀ ਵਾਲੀ ਟੈਂਕੀ ਲੱਦ ਕੇ ਜਾ ਰਿਹਾ ਸੀ। ਫਲਾਈਓਵਰ 'ਤੇ ਪਹੁੰਚਦਿਆਂ ਹੀ ਗੱਡੀ ਵਿੱਚ ਕੋਈ ਤਕਨੀਕੀ ਖ਼ਰਾਬੀ ਆ ਗਈ ਅਤੇ ਉਹ ਉੱਥੇ ਹੀ ਰੁਕ ਗਈ। ਡਰਾਈਵਰ ਨੇ ਫ਼ੋਨ ਕਰਕੇ ਆਪਣੇ ਦੂਜੇ ਭਰਾ ਨੂੰ ਰਾਮਪੁਰ ਪਿੰਡ ਤੋਂ ਬੈਟਰੀ ਲੈ ਕੇ ਆਉਣ ਲਈ ਕਿਹਾ। ਥੋੜ੍ਹੀ ਦੇਰ ਬਾਅਦ ਦੂਜਾ ਭਰਾ ਆਪਣੀ ਬ੍ਰੇਜ਼ਾ ਕਾਰ ਵਿੱਚ ਬੈਟਰੀ ਲੈ ਕੇ ਮੌਕੇ 'ਤੇ ਪਹੁੰਚ ਗਿਆ। ਜਦੋਂ ਦੋਵੇਂ ਜਣੇ ਸੜਕ ਕਿਨਾਰੇ ਗੱਡੀ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਸਨ, ਤਾਂ ਸਰਹਿੰਦ ਵੱਲੋਂ ਹੀ ਆ ਰਹੇ ਇੱਕ ਲਾਪਰਵਾਹ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।


ਇਸ ਹਾਦਸੇ ਨੇ ਹੱਸਦੇ-ਖੇਡਦੇ ਪਰਿਵਾਰ ਨੂੰ ਅਜਿਹਾ ਜ਼ਖ਼ਮ ਦਿੱਤਾ ਹੈ ਜਿਸਦੀ ਭਰਪਾਈ ਅਸੰਭਵ ਹੈ। ਮ੍ਰਿਤਕਾਂ ਵਿੱਚੋਂ ਜਗਦੇਵ ਸਿੰਘ ਦਾ ਪਰਿਵਾਰ ਪਹਿਲਾਂ ਹੀ ਕੈਨੇਡਾ ਵਿੱਚ ਸੈਟਲ ਹੈ। ਜਗਦੇਵ ਦੀ ਖੁਦ ਦੀ ਵੀ ਸਾਰੀ ਤਿਆਰੀ ਮੁਕੰਮਲ ਹੋ ਚੁੱਕੀ ਸੀ ਅਤੇ ਉਸਨੇ ਆਗਾਮੀ 26 ਜੂਨ ਨੂੰ ਕੈਨੇਡਾ ਲਈ ਉਡਾਣ ਭਰਨੀ ਸੀ। ਪਰਿਵਾਰ ਵਿੱਚ ਵਿਛੜੇ ਮੈਂਬਰਾਂ ਨੂੰ ਮਿਲਣ ਦਾ ਚਾਅ ਸੀ, ਪਰ ਇਸ ਕਹਿਰ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਅਤੇ ਘਰ ਵਿੱਚ ਚੀਕ-ਚਿਹਾਰਾ ਮਚ ਗਿਆ।


ਸਥਾਨਕ ਪੁਲਿਸ ਮੁਤਾਬਕ ਇਹ ਹਾਦਸਾ ਰਾਤ ਦੇ ਕਰੀਬ 12 ਵਜੇ ਵਾਪਰਿਆ। ਟੱਕਰ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਾਈਵੇਅ ਪੁਲਿਸ ਅਤੇ ਸਹਾਇਕ ਥਾਣਾ ਅਧਿਕਾਰੀ (ASI) ਤਿਲਕ ਰਾਜ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਏ.ਐੱਸ.ਆਈ ਤਿਲਕ ਰਾਜ ਨੇ ਦੱਸਿਆ ਕਿ ਅਣਪਛਾਤੇ ਵਾਹਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਈਵੇਅ 'ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.