IMG-LOGO
ਹੋਮ ਰਾਸ਼ਟਰੀ: ਹੇਮਕੁੰਟ ਸਾਹਿਬ ਯਾਤਰਾ ਦੌਰਾਨ ਕਰਨਪ੍ਰਯਾਗ 'ਚ ਸਥਾਨਕ ਲੋਕਾਂ ਤੇ ਨਿਹੰਗਾਂ...

ਹੇਮਕੁੰਟ ਸਾਹਿਬ ਯਾਤਰਾ ਦੌਰਾਨ ਕਰਨਪ੍ਰਯਾਗ 'ਚ ਸਥਾਨਕ ਲੋਕਾਂ ਤੇ ਨਿਹੰਗਾਂ ਵਿਚਾਲੇ ਖ਼ੂਨੀ ਝੜਪ; ਪੰਜਾਬ ਦੇ 4 ਨੌਜਵਾਨ ਗ੍ਰਿਫ਼ਤਾਰ, ਇਕ ਗੰਭੀਰ ਜ਼ਖ਼ਮੀ

Admin User - Jun 18, 2026 01:02 PM
IMG

ਉਤਰਾਖੰਡ ਦੇ ਚਮੋਲੀ ਖੇਤਰ ਵਿੱਚ ਸਥਿਤ ਕਰਨਪ੍ਰਯਾਗ ਬਾਜ਼ਾਰ ਨੇੜੇ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਪਰਤ ਰਹੇ ਨਿਹੰਗ ਸ਼ਰਧਾਲੂਆਂ ਅਤੇ ਸਥਾਨਕ ਵਪਾਰੀਆਂ ਵਿਚਕਾਰ ਹੋਇਆ ਮਾਮੂਲੀ ਵਿਵਾਦ ਖ਼ੂਨੀ ਝੜਪ ਵਿੱਚ ਬਦਲ ਗਿਆ। ਇਸ ਹਿੰਸਕ ਘਟਨਾ ਵਿੱਚ ਚਾਰ ਸਥਾਨਕ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਬੇਹੱਡ ਨਾਜ਼ੁਕ ਬਣੀ ਹੋਈ ਹੈ। ਉਤਰਾਖੰਡ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਹਮਲਾ ਕਰਨ ਦੇ ਇਲਜ਼ਾਮ ਹੇਠ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧਿਤ ਚਾਰ ਨਿਹੰਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਸਥਾਨਕ ਨਿਵਾਸੀ ਗਜਪਾਲ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿੱਚ ਲਿਆਂਦੀ ਗਈ।


ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਕਰਨਪ੍ਰਯਾਗ ਦੇ ਕ੍ਰਿਸ਼ਨਾ ਪੈਲੇਸ ਹੋਟਲ ਦੇ ਬਾਹਰ ਵਾਪਰੀ।


ਹੇਮਕੁੰਟ ਸਾਹਿਬ ਤੋਂ ਵਾਪਸ ਆ ਰਹੇ ਨਿਹੰਗਾਂ ਦੇ ਇੱਕ ਸਮੂਹ ਦੀ ਕਿਸੇ ਗੱਲ ਨੂੰ ਲੈ ਕੇ ਸਥਾਨਕ ਵਪਾਰੀ ਪ੍ਰਕਾਸ਼ ਰਾਵਤ ਨਾਲ ਬਹਿਸ ਹੋ ਗਈ।


ਬਹਿਸ ਇੰਨੀ ਵਧ ਗਈ ਕਿ ਦੋ ਨਿਹੰਗ ਯਾਤਰੀਆਂ ਨੇ ਕਥਿਤ ਤੌਰ 'ਤੇ ਪ੍ਰਕਾਸ਼ ਰਾਵਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਆਸ-ਪਾਸ ਦੇ ਦੁਕਾਨਦਾਰ ਅਤੇ ਸਥਾਨਕ ਲੋਕ ਬਚਾਅ ਲਈ ਅੱਗੇ ਆਏ, ਤਾਂ ਦੂਜੇ ਦੋ ਨਿਹੰਗਾਂ ਨੇ ਉਨ੍ਹਾਂ 'ਤੇ ਵੀ ਹਮਲਾ ਬੋਲ ਦਿੱਤਾ, ਜਿਸ ਕਾਰਨ ਕੁੱਲ ਚਾਰ ਲੋਕ ਲਹੂ-ਲੁਹਾਨ ਹੋ ਗਏ।


ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਪ੍ਰਕਾਸ਼ ਰਾਵਤ ਨੂੰ ਤੁਰੰਤ ਏਅਰ ਐਂਬੂਲੈਂਸ (Air Ambulance) ਰਾਹੀਂ ਦੇਹਰਾਦੂਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਬਾਕੀ ਤਿੰਨ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


ਪੁਲਿਸ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਮੰਤਰੀ ਸਿੰਘ (21), ਜਸ਼ਨਪ੍ਰੀਤ ਸਿੰਘ (23), ਅਜੈ ਸਿੰਘ (23) ਅਤੇ ਸਤਵਿੰਦਰ ਸਿੰਘ (21) ਵਜੋਂ ਹੋਈ ਹੈ, ਜੋ ਸਾਰੇ ਮੋਹਾਲੀ (ਪੰਜਾਬ) ਦੇ ਨਿਵਾਸੀ ਹਨ।


ਚਮੋਲੀ ਦੇ ਪੁਲਿਸ ਸੁਪਰਿੰਟੈਂਡੈਂਟ (SP) ਸੁਰਜੀਤ ਸਿੰਘ ਪੰਵਾਰ ਨੇ ਦੱਸਿਆ, "ਚਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 281, 125, 109, 352 ਅਤੇ 351(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।" ਐਸਪੀ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਕਿ ਕਾਨੂੰਨ-ਵਿਵਸਥਾ ਨੂੰ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਲਾਕੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਭਾਰੀ ਪੁਲਿਸ ਬਲ ਤਾਇਨਾਤ ਹੈ।


ਇਸ ਮੰਦਭਾਗੀ ਘਟਨਾ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ (ਗੋਵਿੰਦਘਾਟ) ਦੇ ਮੈਨੇਜਰ ਸੇਵਾ ਸਿੰਘ ਨੇ ਯਾਤਰਾ 'ਤੇ ਆਉਣ ਵਾਲੇ ਸਮੂਹ ਸ਼ਰਧਾਲੂਆਂ ਨੂੰ ਸ਼ਾਂਤੀ, ਅਨੁਸ਼ਾਸਨ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਟਰੱਸਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਸ਼ਰਧਾਲੂ ਇਸ ਪਵਿੱਤਰ ਯਾਤਰਾ ਦੀ ਧਾਰਮਿਕ ਮਹੱਤਤਾ ਅਤੇ ਉਦੇਸ਼ ਨੂੰ ਸਮਝਦਿਆਂ ਹੋਏ ਪੂਰੀ ਮਰਿਆਦਾ ਅਤੇ ਨਿਮਰਤਾ ਨਾਲ ਦਰਸ਼ਨ ਕਰਨ। ਉਨ੍ਹਾਂ ਸੰਗਤਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਕਿਹਾ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ, ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ ਦੀ ਬੇਨਤੀ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.