ਤਾਜਾ ਖਬਰਾਂ
ਜਲੰਧਰ ਦੇ ਅਧੀਨ ਆਉਂਦੇ ਪਿੰਡ ਸੰਘਵਾਲ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਅੰਦਰੋਂ ਬੇਅਦਬੀ ਦੀ ਇੱਕ ਬੇਹੱਦ ਮੰਦਭਾਗੀ ਅਤੇ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਇੱਕ ਪ੍ਰਵਾਸੀ ਔਰਤ ਵੱਲੋਂ ਪਾਵਨ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਗਏ। ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਦੇ ਲੋਕਾਂ ਵਿੱਚ ਭਾਰੀ ਗੁੱਸਾ ਅਤੇ ਵਿਆਪਕ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਭਾਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਦਿਆਂ ਹੋਇਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੇ ਵੇਰਵੇ ਸਾਂਝੇ ਕਰਦਿਆਂ ਪਿੰਡ ਦੀ ਸਰਪੰਚ ਪਰਵੀਨ ਕੁਮਾਰੀ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਪ੍ਰਵਾਸੀ ਔਰਤ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ।
ਹੈੱਡ ਗ੍ਰੰਥੀ ਕਮਲਜੀਤ ਲਾਲ ਆਮ ਵਾਂਗ ਪਾਠ ਕਰਨ ਤੋਂ ਬਾਅਦ ਜਦੋਂ ਥੋੜ੍ਹੀ ਦੇਰ ਲਈ ਬਾਹਰ ਗਏ, ਤਾਂ ਪਿੱਛੋਂ ਗੁਰਦੁਆਰਾ ਸਾਹਿਬ ਦੇ ਅੰਦਰ ਬੱਚੇ ਅਰਦਾਸ ਅਤੇ ਪਾਠ ਕਰ ਰਹੇ ਸਨ।
ਇਸੇ ਦੌਰਾਨ ਇਹ ਔਰਤ ਰੌਲਾ ਪਾਉਂਦੀ ਹੋਈ ਅੰਦਰ ਦਾਖਲ ਹੋਈ ਅਤੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲੱਗੀ। ਔਰਤ ਦੀਆਂ ਇਨ੍ਹਾਂ ਭਿਆਨਕ ਹਰਕਤਾਂ ਅਤੇ ਹੰਗਾਮੇ ਨੂੰ ਦੇਖ ਕੇ ਅੰਦਰ ਮੌਜੂਦ ਮਾਸੂਮ ਬੱਚੇ ਡਰ ਕੇ ਬਾਹਰ ਵੱਲ ਭੱਜ ਗਏ।
ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਆਲੇ-ਪ੍ਰਬੰਧ ਤੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਫੁਟੇਜ ਵਿੱਚ ਔਰਤ ਸਿਰ ‘ਤੇ ਪਰਨਾ ਬੰਨ੍ਹ ਕੇ ਘੁੰਮਦੀ ਦਿਖਾਈ ਦੇ ਰਹੀ ਹੈ ਅਤੇ ਬੇਅਦਬੀ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀ ਉਸ ਨੂੰ ਡੰਡਿਆਂ ਨਾਲ ਭਜਾਉਂਦੇ ਨਜ਼ਰ ਆ ਰਹੇ ਹਨ।
ਪਿੰਡ ਦੀ ਸਰਪੰਚ ਮੁਤਾਬਕ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਜਾਪਦੀ ਸੀ, ਕਿਉਂਕਿ ਘਟਨਾ ਤੋਂ ਪਹਿਲਾਂ ਉਹ ਗਲੀਆਂ ਵਿੱਚ ਨੱਚ ਰਹੀ ਸੀ ਅਤੇ ਤਾੜੀਆਂ ਵਜਾ ਰਹੀ ਸੀ। ਉਹ ਪਹਿਲਾਂ ਇੱਕ ਘਰ ਵਿੱਚ ਵੜੀ ਅਤੇ ਫਿਰ ਉੱਥੋਂ ਨਿਕਲ ਕੇ ਗੁਰਦੁਆਰਾ ਸਾਹਿਬ ਵੱਲ ਚਲੀ ਗਈ। ਬੇਅਦਬੀ ਦੀ ਘਟਨਾ ਤੋਂ ਬਾਅਦ ਜਦੋਂ ਲੋਕਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਦਾ ਗੁੱਸਾ ਫੁੱਟ ਪਿਆ। ਪਿੰਡ ਵਾਸੀਆਂ ਨੇ ਪਹਿਲਾਂ ਔਰਤ ਨੂੰ ਛੱਤ ਤੋਂ ਹੇਠਾਂ ਉਤਾਰ ਕੇ ਉੱਥੋਂ ਜਾਣ ਲਈ ਕਿਹਾ, ਪਰ ਉਹ ਖੇਤਾਂ ਵਿੱਚ ਜਾ ਕੇ ਲੇਟ ਗਈ, ਜਿੱਥੇ ਭੜਕੇ ਲੋਕਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ।
ਘਟਨਾ ਦੇ ਸਮੇਂ ਗੁਰਦੁਆਰਾ ਕਮੇਟੀ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ, ਪਰ ਬਾਅਦ ਵਿੱਚ ਪਿੰਡ ਵਾਸੀਆਂ ਨੇ ਕਮੇਟੀ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਪੁਲਿਸ ਚੌਕੀ ਨੂੰ ਮਾਮਲੇ ਦੀ ਇਤਲਾਹ ਦਿੱਤੀ। ਪੁਲਿਸ ਚੌਕੀ ਇੰਚਾਰਜ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਕਮਲਜੀਤ ਲਾਲ ਦੇ ਬਿਆਨਾਂ ਅਤੇ ਰਸਮੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਔਰਤ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਬੇਅਦਬੀ ਕਰਨ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Get all latest content delivered to your email a few times a month.