IMG-LOGO
ਹੋਮ ਪੰਜਾਬ: ਬਹਿਬਲ ਕਲਾਂ ਗੋਲੀਕਾਂਡ ਜਾਂਚ ‘ਚ ਵੱਡਾ ਮੋੜ: ਵਿਜੇ ਸਾਂਪਲਾ, ਮਲਵਿੰਦਰ...

ਬਹਿਬਲ ਕਲਾਂ ਗੋਲੀਕਾਂਡ ਜਾਂਚ ‘ਚ ਵੱਡਾ ਮੋੜ: ਵਿਜੇ ਸਾਂਪਲਾ, ਮਲਵਿੰਦਰ ਜੱਗੀ ਤੇ ਗਗਨਦੀਪ ਬਰਾੜ ਤੋਂ ਹੋਵੇਗੀ ਪੁੱਛਗਿੱਛ

Admin User - Jun 20, 2026 08:44 PM
IMG

ਬਹਿਬਲ ਕਲਾਂ ਗੋਲੀਕਾਂਡ ਅਤੇ 2015 ਦੀਆਂ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਜਾਂਚ ਦੇ ਇਸ ਨਵੇਂ ਪੜਾਅ ਤਹਿਤ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਵਿਜੇ ਸਾਂਪਲਾ, ਫਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਰਹੇ ਮਲਵਿੰਦਰ ਸਿੰਘ ਜੱਗੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓਐਸਡੀ ਰਹੇ ਗਗਨਦੀਪ ਸਿੰਘ ਬਰਾੜ ਤੋਂ ਪੁੱਛਗਿੱਛ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਵਿਜੇ ਸਾਂਪਲਾ ਵੱਲੋਂ ਉਸ ਸਮੇਂ ਪੰਜਾਬ ਦੇ ਰਾਜਪਾਲ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਸਬੰਧੀ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਹੁਣ ਐਸਆਈਟੀ ਉਨ੍ਹਾਂ ਦੋਸ਼ਾਂ ਅਤੇ ਉਨ੍ਹਾਂ ਨਾਲ ਜੁੜੇ ਤੱਥਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਤਤਕਾਲੀ ਡੀਸੀ ਮਲਵਿੰਦਰ ਸਿੰਘ ਜੱਗੀ ਨੂੰ ਵੀ ਜਾਂਚ ਵਿੱਚ ਸ਼ਾਮਲ ਕਰਕੇ ਉਸ ਸਮੇਂ ਦੀ ਪ੍ਰਸ਼ਾਸਨਿਕ ਕਾਰਵਾਈ ਅਤੇ ਫੈਸਲਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਉੱਧਰ, ਸਾਬਕਾ ਮੁੱਖ ਮੰਤਰੀ ਦੇ ਓਐਸਡੀ ਰਹੇ ਸੀਨੀਅਰ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਨੂੰ ਵੀ ਮੁੜ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ। ਐਸਆਈਟੀ ਇਹ ਜਾਣਨਾ ਚਾਹੁੰਦੀ ਹੈ ਕਿ ਘਟਨਾਵਾਂ ਦੌਰਾਨ ਮੁੱਖ ਮੰਤਰੀ ਦਫ਼ਤਰ, ਪੁਲਿਸ ਅਤੇ ਪ੍ਰਸ਼ਾਸਨ ਵਿਚਾਲੇ ਕਿਸ ਤਰ੍ਹਾਂ ਦਾ ਸੰਪਰਕ ਅਤੇ ਫੈਸਲਾ ਪ੍ਰਕਿਰਿਆ ਚੱਲ ਰਹੀ ਸੀ।

ਇਸ ਦੌਰਾਨ ਜਾਂਚ ਨੂੰ ਇੱਕ ਨਵਾਂ ਮੋੜ ਉਸ ਵੇਲੇ ਮਿਲਿਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਐਸਆਈਟੀ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਉਨ੍ਹਾਂ ਦੱਸਿਆ ਕਿ ਦਸੰਬਰ 2024 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਧਾਰਮਿਕ ਕਾਰਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਨੈਤਿਕ ਜ਼ਿੰਮੇਵਾਰੀ ਜਨਤਕ ਤੌਰ ‘ਤੇ ਸਵੀਕਾਰ ਕੀਤੀ ਸੀ।

ਗਿਆਨੀ ਰਘਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਇਹ ਸਾਰਾ ਘਟਨਾਕ੍ਰਮ ਸੰਗਤ, ਸਿੰਘ ਸਾਹਿਬਾਨ ਅਤੇ ਮੀਡੀਆ ਦੀ ਮੌਜੂਦਗੀ ਵਿੱਚ ਹੋਇਆ ਸੀ ਅਤੇ ਇਸ ਦੀ ਵੀਡੀਓ ਰਿਕਾਰਡਿੰਗ ਵੀ ਅਧਿਕਾਰਤ ਰਿਕਾਰਡ ਵਿੱਚ ਮੌਜੂਦ ਹੈ। ਐਸਆਈਟੀ ਹੁਣ ਇਸ ਬਿਆਨ ਅਤੇ ਉਪਲਬਧ ਸਬੂਤਾਂ ਦੇ ਆਧਾਰ ‘ਤੇ ਜਾਂਚ ਦੀਆਂ ਅਗਲੀਆਂ ਕੜੀਆਂ ਨੂੰ ਜੋੜਦਿਆਂ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਕੰਮ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.