IMG-LOGO
ਹੋਮ ਪੰਜਾਬ: ਡੀਜੇ ‘ਤੇ ਗਾਣਾ ਲਗਾਉਣ ਨੂੰ ਲੈ ਕੇ ਵਿਆਹ ਸਮਾਗਮ ਬਣਿਆ...

ਡੀਜੇ ‘ਤੇ ਗਾਣਾ ਲਗਾਉਣ ਨੂੰ ਲੈ ਕੇ ਵਿਆਹ ਸਮਾਗਮ ਬਣਿਆ ਜੰਗ ਦਾ ਮੈਦਾਨ, ਤੇਜ਼ਧਾਰ ਹਥਿਆਰਾਂ ਨਾਲ ਹਮਲੇ ‘ਚ 2 ਨੌਜਵਾਨ ਜ਼ਖ਼ਮੀ

Admin User - Jun 21, 2026 08:31 PM
IMG

ਕਪੂਰਥਲਾ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਡੀਜੇ ‘ਤੇ ਗਾਣੇ ਵਜਾਉਣ ਨੂੰ ਲੈ ਕੇ ਸ਼ੁਰੂ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਸਿਟੀ ਹਾਲ ਨੇੜੇ ਇੱਕ ਗਲੀ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਥਾਣਾ ਸਿਟੀ ਦੀ ਪੁਲਿਸ ਅਤੇ ਪਰਿਵਾਰਕ ਮੈਂਬਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਵਿਆਹ ਸਮਾਗਮ ਦੌਰਾਨ ਡੀਜੇ ‘ਤੇ ਗਾਣੇ ਚਲਾਉਣ ਨੂੰ ਲੈ ਕੇ ਕੁਝ ਨੌਜਵਾਨਾਂ ਵਿਚਾਲੇ ਬਹਿਸ ਹੋ ਗਈ ਸੀ। ਹਾਲਾਂਕਿ ਉਸ ਵੇਲੇ ਪਰਿਵਾਰ ਦੇ ਬਜ਼ੁਰਗਾਂ ਅਤੇ ਹੋਰ ਸਿਆਣੇ ਵਿਅਕਤੀਆਂ ਨੇ ਦਖ਼ਲ ਦੇ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਸੀ, ਪਰ ਇਹ ਵਿਵਾਦ ਅਗਲੇ ਦਿਨ ਮੁੜ ਭੜਕ ਉੱਠਿਆ।

ਜ਼ਖ਼ਮੀ ਮਨਪ੍ਰੀਤ ਸਿੰਘ, ਜੋ ਦੇਵਲਾਂਵਾਲਾ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਆਇਆ ਸੀ। ਉਸ ਦੇ ਮੁਤਾਬਕ ਪਿਛਲੀ ਰਾਤ ਹੋਈ ਤਕਰਾਰ ਦੀ ਰੰਜਿਸ਼ ਰੱਖਦਿਆਂ ਸਾਹਿਲ ਨਾਮਕ ਨੌਜਵਾਨ ਅਤੇ ਉਸ ਦੇ ਕੁਝ ਸਾਥੀਆਂ ਨੇ ਵਿਆਹ ਦੀਆਂ ਰਸਮਾਂ ਦੌਰਾਨ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਮੌਕੇ ‘ਤੇ ਹੀ ਲਹੂ-ਲੁਹਾਨ ਹੋ ਕੇ ਡਿੱਗ ਪਿਆ।

ਦੂਜੇ ਪਾਸੇ, ਹਸਪਤਾਲ ਵਿੱਚ ਇਲਾਜ ਅਧੀਨ ਸਾਹਿਲ ਨੇ ਮਨਪ੍ਰੀਤ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਲਟਾ ਦਾਅਵਾ ਕੀਤਾ ਕਿ ਮਨਪ੍ਰੀਤ ਅਤੇ ਉਸ ਦੇ ਸਾਥੀਆਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਉਸ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਾਹਿਲ ਦੇ ਅਨੁਸਾਰ ਇਸ ਹਮਲੇ ਵਿੱਚ ਉਸ ਦੇ ਹੱਥ ‘ਤੇ ਡੂੰਘੀ ਸੱਟ ਲੱਗੀ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ।

ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਮੁੱਢਲਾ ਇਲਾਜ ਕੀਤਾ। ਡਾਕਟਰਾਂ ਮੁਤਾਬਕ ਸਾਹਿਲ ਦੀ ਸੱਟ ਗੰਭੀਰ ਹੋਣ ਕਾਰਨ ਉਸ ਨੂੰ ਬਿਹਤਰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.