ਤਾਜਾ ਖਬਰਾਂ
ਚੰਡੀਗੜ੍ਹ, 22 ਜੂਨ:
ਸੂਬੇ ਭਰ ਵਿੱਚ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਪੁਲਿਸ ਨੇ ਸਾਰੇ ਜ਼ਿਲ੍ਹਿਆਂ ਵਿੱਚ ਮਹੱਤਵਪੂਰਨ ਜੰਕਸ਼ਨਾਂ 'ਤੇ ਰਣਨੀਤਕ ਨਾਕੇ ਲਗਾ ਕੇ ਪੁਲਿਸਿੰਗ ਨੂੰ ਹੋਰ ਮਜ਼ਬੂਤ ਕੀਤਾ ਹੈ। ਯਾਤਰੀਆਂ ਅਤੇ ਸੂਬਾ ਵਾਸੀਆਂ ਲਈ ਘੱਟੋ-ਘੱਟ ਪਰੇਸ਼ਾਨੀ ਨੂੰ ਯਕੀਨੀ ਬਣਾਉਂਦਿਆਂ ਪੁਲਿਸਿੰਗ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਇਸ ਪਹਿਲ ਨਾਲ ਅਨੇਕਾਂ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦ ਮਿਲੀ ਹੈ ਅਤੇ ਇਸ ਦੇ ਨਤੀਜੇ ਵਜੋਂ ਕਈ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀਆਂ ਮਹੱਤਵਪੂਰਨ ਬਰਾਮਦਗੀਆਂ ਕੀਤੀਆਂ ਗਈਆਂ ਹਨ।
'ਗੈਂਗਸਟਰਾਂ ‘ਤੇ ਵਾਰ' ਮੁਹਿੰਮ ਅਧੀਨ ਲਗਾਏ ਗਏ ਨਾਕਿਆਂ ਨਾਲ ਪੁਲਿਸ ਦੀ ਮੌਜੂਦਗੀ ਨੂੰ ਵਧਾਉਣ ਅਤੇ ਅਪਾਤਕਾਲੀਨ ਸਥਿਤੀਆਂ ਵਿੱਚ ਤੁਰੰਤ ਪ੍ਰਤੀਕਿਰਿਆ ਨੂੰ ਸਮਰੱਥ ਬਣਾਇਆ ਜਾ ਸਕਿਆ ਹੈ। ਇਹ ਨਾਕੇ ਜ਼ਿਲ੍ਹਿਆਂ ਵਿੱਚ ਸਰਗਰਮ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਰੋਕਣ ਲਈ ਇੱਕ ਪ੍ਰਭਾਵੀ ਸਾਧਨ ਸਿੱਧ ਹੋ ਰਹੇ ਹਨ।
ਹਾਲ ਹੀ ਵਿੱਚ ਨਾਕਿਆਂ 'ਤੇ ਕੀਤੇ ਗਏ ਆਪ੍ਰੇਸ਼ਨਾਂ ਦੇ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੋਟਰਸਾਈਕਲ ‘ਤੇ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਕੋਲੋਂ ਦੋ 9 ਐੱਮਐੱਮ ਸਬ-ਮਸ਼ੀਨ ਗੰਨ ਅਤੇ ‘ਗਫ਼ਾਰ ਸਿਕਿਊਰਿਟੀ’ ਲਿਖੀ ਇੱਕ ਖਾਲੀ ਮੈਗਜ਼ੀਨ ਬਰਾਮਦ ਕੀਤੀ।
ਅੰਮ੍ਰਿਤਸਰ ਪੁਲਿਸ ਨੇ ਇੱਕ ਨਾਕੇ 'ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 2.1 ਕਿਲੋ ਹੈਰੋਇਨ ਸਮੇਤ ਸੱਤ ਆਧੁਨਿਕ ਪਿਸਤੌਲ ਬਰਾਮਦ ਕੀਤੇ, ਜਿਸ ਵਿੱਚ ਤੁਰਕੀ ਦਾ ਬਣਿਆ 9 ਐਮਐਮ ਗਲੈਡੀਏਟਰ, 9 ਐਮਐਮ ਜ਼ਿਗਾਨਾ ਐਕਸ-ਸ਼ਾਟ, ਇਟਲੀ ਵਿੱਚ ਬਣਿਆ .30 ਬੋਰ ਬੇਰੇਟਾ, ਚੀਨ ਵਿੱਚ ਬਣਿਆ .30 ਬੋਰ ਜ਼ਿਗਾਨਾ, ਆਸਟਰੀਆ ਵਿੱਚ ਬਣਿਆ .30 ਬੋਰ ਪਿਸਤੌਲ ਅਤੇ ਚੀਨ ਵਿੱਚ ਬਣੇ ਦੋ .30 ਬੋਰ ਪਿਸਤੌਲ ਸ਼ਾਮਲ ਹਨ।
ਇੱਕ ਹੋਰ ਕਾਰਵਾਈ ਵਿੱਚ ਗੁਰਦਾਸਪੁਰ ਪੁਲਿਸ ਨੇ ਦੀਨਾਨਗਰ ਵਿਖੇ ਇੱਕ ਸਕੂਟਰ ਨੂੰ ਨਾਕੇ ‘ਤੇ ਰੋਕ ਕੇ ਪਤੀ-ਪਤਨੀ ਨੂੰ 253 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸੇ ਖੇਤਰ ਵਿੱਚ ਪਨਿਆਰ ਸ਼ੂਗਰ ਮਿੱਲ ਨੇੜੇ ਲਗਾਏ ਗਏ ਨਾਕੇ ਦੌਰਾਨ ਇੱਕ ਹੋਰ ਦੋਸ਼ੀ ਨੂੰ ਛੇ ਪੈਕਟਾਂ ਵਿੱਚ ਪੈਕ ਕੀਤੀ ਹੋਈ 3 ਕਿਲੋਗ੍ਰਾਮ ਹੈਰੋਇਨ ਅਤੇ 2.25 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ।
ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਪੰਜਾਬ ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਪੁਲਿਸ ਸਟੇਸ਼ਨ ਲਾਡੋਵਾਲ ਦੇ ਅਧਿਕਾਰ ਖੇਤਰ ਵਿੱਚ ਇੱਕ ਨਾਕੇ 'ਤੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ। ਪੁਲਿਸ ਟੀਮਾਂ ਨੇ ਦੋ .30 ਬੋਰ ਅਤੇ ਇੱਕ .315 ਬੋਰ ਸਮੇਤ ਤਿੰਨ ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਦੋਸ਼ੀਆਂ ਵੱਲੋਂ ਵਰਤਿਆ ਜਾ ਰਿਹਾ ਬਿਨਾਂ ਰਜਿਸਟ੍ਰੇਸ਼ਨ ਨੰਬਰ ਵਾਲਾ ਬਜਾਜ ਸੀਟੀ-100 ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ।
ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ, “ਰਣਨੀਤਿਕ ਨਾਕਿਆਂ ਦੀ ਸਥਾਪਨਾ ਰਾਹੀਂ ਪੰਜਾਬ ਪੁਲਿਸ ਨਾ ਸਿਰਫ਼ ਲੋਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾ ਰਹੀ ਹੈ, ਸਗੋਂ ਅਪਰਾਧੀਆਂ ਅਤੇ ਅਸਮਾਜਿਕ ਤੱਤਾਂ ਦੀ ਆਵਾਜਾਈ ‘ਤੇ ਵੀ ਕੜੀ ਨਿਗਰਾਨੀ ਰੱਖ ਰਹੀ ਹੈ। ਵੱਖ-ਵੱਖ ਨਾਕਿਆਂ ਤੋਂ ਹੋਈਆਂ ਬਰਾਮਦਗੀਆਂ ਸਾਡੀ ਰਣਨੀਤੀ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀਆਂ ਹਨ। ਸਾਡਾ ਸੁਨੇਹਾ ਸਪੱਸ਼ਟ ਹੈ ਕਿ ਪੰਜਾਬ ਵਿੱਚ ਅਪਰਾਧੀਆਂ ਅਤੇ ਅਸਮਾਜਿਕ ਤੱਤਾਂ ਲਈ ਕੋਈ ਵੀ ਸੁਰੱਖਿਅਤ ਠਿਕਾਣਾ ਨਹੀਂ ਰਹੇਗਾ। ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਹਰ ਜ਼ਿਲ੍ਹੇ ਵਿੱਚ ਪਛਾਣੇ ਗਏ ਸਥਾਨਾਂ ‘ਤੇ ਅਸਥਾਈ ਨਾਕੇ ਲਗਾ ਕੇ ਪੁਲਿਸਿੰਗ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ।”
ਇਹ ਰਣਨੀਤਿਕ ਨਾਕੇ ਪੰਜਾਬ ਪੁਲਿਸ ਦੇ ਵਿਆਪਕ ਸੁਰੱਖਿਆ ਢਾਂਚੇ ਦਾ ਇੱਕ ਅਨਿੱਖੜਵਾਂ ਅੰਗ ਹਨ, ਜੋ ਰੀਅਲ-ਟਾਈਮ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਨ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਠੱਲ੍ਹ ਪਾਉਣ ਲਈ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨਾਲ ਨਜ਼ਦੀਕੀ ਤਾਲਮੇਲ ਜ਼ਰੀਏ ਕੰਮ ਕਰਦੇ ਹਨ।
‘ਗੈਂਗਸਟਰਾਂ ‘ਤੇ ਵਾਰ’ ਤਹਿਤ ਪੰਜਾਬ ਪੁਲਿਸ ਨੇ ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈਆਂ ਨੂੰ ਤੇਜ਼ ਕੀਤਾ ਹੈ, ਸੰਗਠਿਤ ਅਪਰਾਧਿਕ ਗਿਰੋਹਾਂ ਖ਼ਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਜ਼ਿਲ੍ਹਾ ਪੱਧਰ ‘ਤੇ ਰੋਕਥਾਮੀ ਪੁਲਿਸਿੰਗ ਨੂੰ ਵਧਾਇਆ ਹੈ। ਇਸ ਮੁਹਿੰਮ ਵਿੱਚ ਨਾਕੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਉੱਭਰ ਕੇ ਸਾਹਮਣੇ ਆਏ ਹਨ।
Get all latest content delivered to your email a few times a month.