ਤਾਜਾ ਖਬਰਾਂ
ਲੁਧਿਆਣਾ ਵਿੱਚ ਸੋਮਵਾਰ ਨੂੰ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਕੁਝ ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਦੇ ਕਾਫਲੇ ਨੂੰ ਰੋਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਘਟਨਾ ਫਰੈਂਡਜ਼ ਰੀਜੈਂਸੀ ਨੇੜੇ ਵਾਪਰੀ, ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਸੋਸ਼ਲ ਮੀਡੀਆ ਇਨਫਲੂਐਂਸਰ ਚੇਤਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ।
ਜਾਣਕਾਰੀ ਅਨੁਸਾਰ, ਜਦੋਂ ਰਾਜੀਵ ਟੰਡਨ ਆਪਣੇ ਦਫ਼ਤਰ ਵੱਲ ਜਾ ਰਹੇ ਸਨ ਤਾਂ ਇੱਕ ਰਾਹਗੀਰ ਨੇ ਉਨ੍ਹਾਂ ਨੂੰ ਪਛਾਣ ਲਿਆ। ਇਸ ਤੋਂ ਬਾਅਦ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਪਾਇਲਟ ਗੱਡੀ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੱਡੀ ਦੀ ਵਿੰਡਸ਼ੀਲਡ ਵੀ ਨੁਕਸਾਨੀ ਗਈ, ਜਿਸ ਕਾਰਨ ਮੌਕੇ 'ਤੇ ਹਲਚਲ ਮਚ ਗਈ।
ਸਥਿਤੀ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਦਖ਼ਲ ਦਿੱਤਾ ਅਤੇ ਵਾਧੂ ਫੋਰਸ ਮੌਕੇ 'ਤੇ ਬੁਲਾਈ ਗਈ। ਸੀਆਈਏ-1 ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਨੇ ਸੁਰੱਖਿਆ ਘੇਰਾ ਬਣਾਕੇ ਰਾਜੀਵ ਟੰਡਨ ਦੇ ਕਾਫਲੇ ਨੂੰ ਉਥੋਂ ਸੁਰੱਖਿਅਤ ਤਰੀਕੇ ਨਾਲ ਕੱਢਿਆ।
ਘਟਨਾ ਤੋਂ ਬਾਅਦ ਰਾਜੀਵ ਟੰਡਨ ਨੇ ਦੋਸ਼ ਲਗਾਇਆ ਕਿ ਉਨ੍ਹਾਂ 'ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਮੇਂ ਸਿਰ ਕਾਰਵਾਈ ਨਾ ਕਰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਟੰਡਨ ਵੱਲੋਂ ਸੋਸ਼ਲ ਮੀਡੀਆ 'ਤੇ ਜਨਤਕ ਥਾਵਾਂ 'ਤੇ ਕਿਰਪਾਨ ਧਾਰਨ ਕਰਨ ਸੰਬੰਧੀ ਸਖ਼ਤ ਨਿਯਮਾਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਨਾਲ ਜੁੜੇ ਤੱਥ ਇਕੱਠੇ ਕੀਤੇ ਜਾ ਰਹੇ ਹਨ।
Get all latest content delivered to your email a few times a month.