ਤਾਜਾ ਖਬਰਾਂ
ਬਟਾਲਾ/ਸੇਖਵਾਂ: ਨੇੜਲੇ ਥਾਣਾ ਸੇਖਵਾਂ ਦੇ ਅਧੀਨ ਆਉਂਦੇ ਪਿੰਡ ਮੁੰਡੀ ਕਰਾਲ ਵਿੱਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਦੇਰ ਰਾਤ ਇੱਕ ਅਜਿਹਾ ਖ਼ੂਨੀ ਤਾਂਡਵ ਰਚਿਆ ਗਿਆ, ਜਿਸ ਨੇ ਪੂਰੇ ਇਲਾਕੇ ਨੂੰ ਜੜ੍ਹੋਂ ਹਿਲਾ ਕੇ ਰੱਖ ਦਿੱਤਾ। ਇੱਥੇ ਇੱਕ ਸਿਰਫ਼ਿਰੇ ਨੌਜਵਾਨ ਨੇ ਅੰਧਾਧੁੰਦ ਫਾਇਰਿੰਗ ਕਰਕੇ ਆਪਣੀ ਸਕੀ ਚਾਚੀ, ਇੱਕ ਨਾਬਾਲਗ ਚਚੇਰੇ ਭਰਾ ਅਤੇ ਬਚਾਅ ਕਰਨ ਆਏ ਆਪਣੇ ਹੀ ਇੱਕ ਫ਼ੌਜੀ ਦੋਸਤ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਤਿੰਨ ਕਤਲਾਂ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੂਨ ਨਾਲ ਰੰਗੇ ਮੁਲਜ਼ਮ ਨੇ ਆਪਣੇ ਘਰ ਦੀ ਰਸੋਈ ਵਿੱਚ ਜਾ ਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਰੂਹ-ਕੰਬਾਊ ਘਟਨਾ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰਾਂ ਸਮੇਤ ਕੁੱਲ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ।
ਮੁੱਢਲੀ ਜਾਂਚ ਤੋਂ ਮਿਲੀ ਜਾਣਕਾਰੀ ਮੁਤਾਬਕ, ਪਿੰਡ ਮੁੰਡੀ ਕਰਾਲ ਵਿੱਚ ਪਰਿਵਾਰ ਵਿਚਾਲੇ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਦੇਰ ਰਾਤ ਇਹ ਤਕਰਾਰ ਇੰਨੀ ਵਧ ਗਈ ਕਿ ਗੁੱਸੇ ਵਿੱਚ ਆਏ ਨੌਜਵਾਨ ਨੇ ਆਪਣੀ ਚਾਚੀ ਅਤੇ ਮਾਸੂਮ ਚਚੇਰੇ ਭਰਾ 'ਤੇ ਪਿਸਤੌਲ ਤਾਣ ਦਿੱਤੀ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਜਦੋਂ ਮੁਲਜ਼ਮ ਦਾ ਇੱਕ ਦੋਸਤ (ਜੋ ਭਾਰਤੀ ਫ਼ੌਜ ਦਾ ਜਵਾਨ ਦੱਸਿਆ ਜਾ ਰਿਹਾ ਹੈ) ਇਸ ਖ਼ੂਨੀ ਖੇਡ ਨੂੰ ਰੋਕਣ ਅਤੇ ਵਿਚ-ਬਚਾਅ ਕਰਨ ਲਈ ਅੱਗੇ ਵਧਿਆ, ਤਾਂ ਕਾਤਲ ਨੇ ਉਸ 'ਤੇ ਵੀ ਰਹਿਮ ਨਹੀਂ ਖਾਧਾ ਅਤੇ ਉਸ ਦੀ ਹਿੱਕ ਵਿੱਚ ਵੀ ਗੋਲੀ ਮਾਰ ਦਿੱਤੀ।
ਇਸ ਚੌਹਰੇ ਹੱਤਿਆਕਾਂਡ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਦੇ ਡੀ.ਐੱਸ.ਪੀ. (ਸਿਟੀ) ਸੁਖਿੰਦਰ ਸਿੰਘ ਅਤੇ ਥਾਣਾ ਸੇਖਵਾਂ ਦੇ ਮੁਖੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਮਾਹਿਰਾਂ ਦੀ ਵਿਸ਼ੇਸ਼ ਟੀਮ ਨੂੰ ਸੱਦਿਆ ਗਿਆ, ਜਿਸ ਨੇ ਘਟਨਾ ਸਥਾਨ ਤੋਂ ਖ਼ੂਨ ਦੇ ਨਮੂਨੇ ਅਤੇ ਹੋਰ ਅਹਿਮ ਸਬੂਤ ਇਕੱਠੇ ਕੀਤੇ। ਪੁਲਿਸ ਨੇ ਲਾਸ਼ ਦੇ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਬਰਾਮਦ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਹਥਿਆਰ ਨਾਲ ਇਸ ਭਿਆਨਕ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਦੇ ਰਿਕਾਰਡ ਦੀ ਫੋਲਾਫਾਲੀ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਪਿਸਤੌਲ ਲਾਇਸੈਂਸੀ ਸੀ ਜਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲਿਆਂਦਾ ਗਿਆ ਸੀ।
ਪੁਲਿਸ ਨੇ ਚਾਰੋਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਇਸ ਖ਼ੂਨੀ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡੀ.ਐੱਸ.ਪੀ. ਸੁਖਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਅਸਲ ਸੱਚਾਈ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਗੁਆਂਢੀਆਂ ਅਤੇ ਪੀੜਤ ਪਰਿਵਾਰ ਦੇ ਬਾਕੀ ਜੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
Get all latest content delivered to your email a few times a month.