ਤਾਜਾ ਖਬਰਾਂ
ਪਟਿਆਲਾ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਫੌਜੀ ਜਵਾਨ ਉੱਤੇ ਆਪਣੀ ਪਤਨੀ ਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਗੰਭੀਰ ਦੋਸ਼ ਲੱਗੇ ਹਨ। ਮ੍ਰਿਤਕਾ ਦੀ ਪਛਾਣ 30 ਸਾਲਾ ਰਮਨਦੀਪ ਕੌਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਪਤੀ ਹੈਪੀ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਭਰਾ ਗੁਰਜੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਰਮਨਦੀਪ ਕੌਰ ਨੇ ਲਗਭਗ ਦੋ ਸਾਲ ਪਹਿਲਾਂ ਹੈਪੀ ਸਿੰਘ ਨਾਲ ਪ੍ਰੇਮ ਵਿਆਹ ਕੀਤਾ ਸੀ। ਹੈਪੀ ਸਿੰਘ ਭਾਰਤੀ ਫੌਜ ਵਿੱਚ ਤਾਇਨਾਤ ਹੈ ਅਤੇ ਆਪਣੀਆਂ ਪੋਸਟਿੰਗਾਂ ਦੌਰਾਨ ਰਮਨਦੀਪ ਨੂੰ ਆਪਣੇ ਨਾਲ ਰੱਖਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਹੈਪੀ ਸਿੰਘ ਦੇ ਪਰਿਵਾਰਕ ਮੈਂਬਰ ਇਸ ਵਿਆਹ ਨੂੰ ਕਦੇ ਵੀ ਸਵੀਕਾਰ ਨਹੀਂ ਕਰਦੇ ਸਨ ਅਤੇ ਰਮਨਦੀਪ ਨੂੰ ਸਹੁਰੇ ਘਰ ਵੀ ਨਹੀਂ ਲਿਜਾਇਆ ਜਾਂਦਾ ਸੀ।
ਸ਼ਿਕਾਇਤ ਮੁਤਾਬਕ, 23 ਜੂਨ 2026 ਨੂੰ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਹੈਪੀ ਸਿੰਘ ਆਪਣੀ ਪਤਨੀ ਰਮਨਦੀਪ ਕੌਰ ਨੂੰ ਕਾਰ ਵਿੱਚ ਬਿਠਾ ਕੇ ਲੈ ਗਿਆ ਹੈ। ਇਸ ਦੌਰਾਨ ਸੰਗਰੂਰ-ਪਟਿਆਲਾ ਰੋਡ 'ਤੇ ਪਸੇਆਣਾ ਪੁਲ ਨੇੜੇ ਕਾਰ ਭਾਖੜਾ ਨਹਿਰ ਵਿੱਚ ਜਾ ਡਿੱਗੀ। ਦੋਸ਼ ਹੈ ਕਿ ਹੈਪੀ ਸਿੰਘ ਖੁਦ ਨਹਿਰ ਵਿੱਚੋਂ ਬਾਹਰ ਨਿਕਲ ਆਇਆ, ਜਦਕਿ ਰਮਨਦੀਪ ਕੌਰ ਪਾਣੀ ਵਿੱਚ ਡੁੱਬ ਗਈ ਅਤੇ ਉਸ ਦੀ ਮੌਤ ਹੋ ਗਈ।
ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਹੈਪੀ ਸਿੰਘ ਵਿਆਹ ਤੋਂ ਬਾਅਦ ਅਕਸਰ ਰਮਨਦੀਪ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਘਟਨਾ ਹੈ।
ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਹੈਪੀ ਸਿੰਘ ਖ਼ਿਲਾਫ਼ ਐੱਫਆਈਆਰ ਨੰਬਰ 126 ਮਿਤੀ 23 ਜੂਨ 2026 ਅਧੀਨ ਧਾਰਾ 103 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.