IMG-LOGO
ਹੋਮ ਪੰਜਾਬ: ਵਿਜੀਲੈਂਸ ਦਾ ਵੱਡਾ ਐਕਸ਼ਨ: ਸਹਿਕਾਰੀ ਸਭਾਵਾਂ ਦਾ ਸਹਾਇਕ ਰਜਿਸਟਰਾਰ ਨਿਖਿਲ...

ਵਿਜੀਲੈਂਸ ਦਾ ਵੱਡਾ ਐਕਸ਼ਨ: ਸਹਿਕਾਰੀ ਸਭਾਵਾਂ ਦਾ ਸਹਾਇਕ ਰਜਿਸਟਰਾਰ ਨਿਖਿਲ ਗਰਗ 1 ਲੱਖ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Admin User - Jun 27, 2026 12:01 PM
IMG

ਪੰਜਾਬ ਸਰਕਾਰ ਵੱਲੋਂ ਰਿਸ਼ਵਤਖ਼ੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਸਹਿਕਾਰੀ ਸਭਾਵਾਂ, ਜਗਰਾਉਂ (ਲੁਧਿਆਣਾ) ਦੇ ਸਹਾਇਕ ਰਜਿਸਟਰਾਰ (AR) ਨਿਖਿਲ ਗਰਗ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਅਧਿਕਾਰੀ ਕੋਲ ਦੋਰਾਹਾ ਦਫ਼ਤਰ ਦਾ ਵਾਧੂ ਚਾਰਜ ਵੀ ਸੀ। ਵਿਜੀਲੈਂਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਇਹ ਕਾਰਵਾਈ ਮੁਲਜ਼ਮ ਦੀ ਪਟਿਆਲਾ ਸਥਿਤ ਨਿੱਜੀ ਰਿਹਾਇਸ਼ 'ਤੇ ਕੀਤੀ, ਜਿੱਥੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਦੀ ਰਾਸ਼ੀ ਸਣੇ ਉਸ ਨੂੰ ਦਬੋਚ ਲਿਆ ਗਿਆ।


ਸੂਬਾ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਗ੍ਰਿਫ਼ਤਾਰੀ ਇੱਕ ਸਹਿਕਾਰੀ ਸਭਾ ਦੇ ਮੈਨੇਜਰ ਵੱਲੋਂ ਦਰਜ ਕਰਵਾਈ ਗਈ ਪੁਖ਼ਤਾ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਮੈਨੇਜਰ ਨੇ ਦੋਸ਼ ਲਾਇਆ ਸੀ ਕਿ ਉਸ ਨੇ ਦੋਰਾਹਾ ਵਿਖੇ ਆਪਣੀ ਤਾਇਨਾਤੀ (ਬਦਲੀ) ਕਰਵਾਉਣ ਲਈ ਇੱਕ ਅਰਜ਼ੀ ਦਿੱਤੀ ਹੋਈ ਸੀ। ਇਸ ਅਰਜ਼ੀ ਦੀ ਉੱਚ ਅਧਿਕਾਰੀਆਂ ਨੂੰ ਸਿਫ਼ਾਰਸ਼ ਕਰਨ ਦੇ ਬਦਲੇ ਸਹਾਇਕ ਰਜਿਸਟਰਾਰ ਨਿਖਿਲ ਗਰਗ ਨੇ ਉਸ ਕੋਲੋਂ 5 ਲੱਖ ਰੁਪਏ ਦੀ ਮੋਟੀ ਰਿਸ਼ਵਤ ਦੀ ਮੰਗ ਕੀਤੀ ਸੀ।


ਜਾਂਚ ਦੌਰਾਨ ਸਾਹਮਣੇ ਆਇਆ ਕਿ ਰਿਸ਼ਵਤ ਦੀ ਪਹਿਲੀ ਕਿਸ਼ਤ ਤੈਅ ਹੋਣ ਤੋਂ ਬਾਅਦ ਮੁਲਜ਼ਮ ਨਿਖਿਲ ਗਰਗ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਿਕਾਇਤਕਰਤਾ ਦੀ ਬਦਲੀ ਨਾਲ ਸਬੰਧਤ ਸਹਿਕਾਰੀ ਸਭਾ ਦੋਰਾਹਾ ਦੀ 'ਪ੍ਰੋਸੀਡਿੰਗ ਬੁੱਕ' ਵਿੱਚ ਅੱਜ ਦੀ ਤਰੀਕ ਦੀ ਬਜਾਏ ਪਿਛਲੀ ਤਰੀਕ (ਬੈਕ ਡੇਟ) ਵਿੱਚ ਦਸਤਖ਼ਤ ਕਰ ਦਿੱਤੇ ਸਨ। ਇੰਨਾ ਹੀ ਨਹੀਂ, ਮੁਲਜ਼ਮ ਨੇ ਆਪਣੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਮ 'ਤੇ ਇਸ ਰਕਮ ਦੀ ਉਗਰਾਹੀ ਕੀਤੀ ਸੀ ਅਤੇ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਸੀਨੀਅਰ ਨੂੰ ਇਸ ਸਬੰਧੀ ਫ਼ੋਨ 'ਤੇ ਸੂਚਿਤ ਵੀ ਕਰ ਦਿੱਤਾ ਸੀ। ਸ਼ਿਕਾਇਤਕਰਤਾ ਨੇ ਇਸ ਪੂਰੀ ਗੱਲਬਾਤ ਅਤੇ ਰਿਸ਼ਵਤ ਦੀ ਮੰਗ ਦੀ ਆਡੀਓ ਰਿਕਾਰਡਿੰਗ ਕਰਕੇ ਸਬੂਤ ਵਜੋਂ ਸੰਭਾਲ ਲਈ ਸੀ।


ਭ੍ਰਿਸ਼ਟਾਚਾਰ ਅੱਗੇ ਝੁਕਣ ਦੀ ਬਜਾਏ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ, ਲੁਧਿਆਣਾ ਤੱਕ ਪਹੁੰਚ ਕੀਤੀ। ਸ਼ਿਕਾਇਤ ਦੀ ਮੁਢਲੀ ਪੜਤਾਲ ਅਤੇ ਮਿਲੇ ਸਬੂਤਾਂ ਦੇ ਆਧਾਰ 'ਤੇ ਵਿਜੀਲੈਂਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਜਾਲ ਵਿਛਾਇਆ। ਯੋਜਨਾਬੱਧ ਤਰੀਕੇ ਨਾਲ ਜਦੋਂ ਸ਼ਿਕਾਇਤਕਰਤਾ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਦੇਣ ਮੁਲਜ਼ਮ ਦੇ ਪਟਿਆਲਾ ਸਥਿਤ ਘਰ ਪਹੁੰਚਿਆ, ਤਾਂ ਘਾਤ ਲਗਾ ਕੇ ਬੈਠੀ ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਨਿਖਿਲ ਗਰਗ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਦੇ ਕਬਜ਼ੇ ਵਿੱਚੋਂ ਕੈਮੀਕਲ ਲੱਗੇ ਰਿਸ਼ਵਤ ਵਾਲੇ ਨੋਟ ਵੀ ਬਰਾਮਦ ਕਰ ਲਏ ਗਏ ਹਨ।


ਬੁਲਾਰੇ ਅਨੁਸਾਰ ਮੁਲਜ਼ਮ ਸਹਾਇਕ ਰਜਿਸਟਰਾਰ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਈ.ਓ.ਡਬਲਯੂ. ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ (Prevention of Corruption Act) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਵਿਭਾਗ ਦੇ ਹੋਰਨਾਂ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.