IMG-LOGO
ਹੋਮ ਪੰਜਾਬ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਉੱਤਰਾਖੰਡ ਸਰਕਾਰ ਨੂੰ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਉੱਤਰਾਖੰਡ ਸਰਕਾਰ ਨੂੰ ਸਖ਼ਤ ਚੇਤਾਵਨੀ: 'ਸਿੱਖਾਂ ਨੂੰ 1984 ਦੁਹਰਾਉਣ ਦੀ ਧਮਕੀ ਦੇਣ ਵਾਲੇ ਆਸ਼ੀਸ਼ ਨੇਗੀ 'ਤੇ ਹੋਵੇ ਤੁਰੰਤ...

Admin User - Jun 27, 2026 12:43 PM
IMG

ਉੱਤਰਾਖੰਡ ਦੇ ਇੱਕ ਸ਼ਰਾਰਤੀ ਅਨਸਰ ਆਸ਼ੀਸ਼ ਨੇਗੀ ਵੱਲੋਂ ਸਿੱਖ ਕੌਮ ਨੂੰ ਜੂਨ 1984 ਦੇ ਖ਼ੂਨੀ ਇਤਿਹਾਸ ਨੂੰ ਦੁਹਰਾਉਣ ਦੀ ਖੁੱਲ੍ਹੇਆਮ ਧਮਕੀ ਦਿੱਤੇ ਜਾਣ ਦੇ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੇਹੱਦ ਗੰਭੀਰ ਨੋਟਿਸ ਲਿਆ ਹੈ। ਜਥੇਦਾਰ ਨੇ ਉੱਤਰਾਖੰਡ ਦੀ ਭਾਜਪਾ ਸਰਕਾਰ ਨੂੰ ਤਕੜੇ ਹੱਥੀਂ ਲੈਂਦਿਆਂ ਆਖਿਆ ਕਿ ਅਜਿਹੇ ਫਿਰਕੂ ਅਤੇ ਨਫ਼ਰਤੀ ਲੋਕ ਦੇਸ਼ ਦੀ ਅਮਨ-ਸ਼ਾਂਤੀ, ਅਖੰਡਤਾ ਅਤੇ ਆਪਸੀ ਭਾਈਚਾਰਕ ਸਾਂਝ ਲਈ ਇੱਕ ਵੱਡਾ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਉੱਤਰਾਖੰਡ ਸਰਕਾਰ ਅਜਿਹੇ ਅਨਸਰਾਂ ਖ਼ਿਲਾਫ਼ ਤੁਰੰਤ ਸ਼ਿਕੰਜਾ ਕੱਸੇ, ਨਹੀਂ ਤਾਂ ਇਸ ਦੇ ਨਤੀਜੇ ਬੇਹੱਦ ਮਾੜੇ ਨਿਕਲਣਗੇ।


ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਆਸ਼ੀਸ਼ ਨੇਗੀ ਵਰਗੇ ਨਫ਼ਰਤੀ ਨੌਜਵਾਨਾਂ ਨੂੰ ਸ਼ਾਇਦ ਇਹ ਯਾਦ ਨਹੀਂ ਕਿ ਜਿਸ ਸਿੱਖ ਕੌਮ ਦੀਆਂ ਬੇਮਿਸਾਲ ਸ਼ਹਾਦਤਾਂ ਸਦਕਾ ਅੱਜ ਪੂਰਾ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ, ਅੱਜ ਉਹੀ ਦੇਸ਼-ਵਿਰੋਧੀ ਤਾਕਤਾਂ ਉਸੇ ਬਹਾਦਰ ਕੌਮ ਨੂੰ ਜਨਤਕ ਤੌਰ 'ਤੇ ਲਲਕਾਰਨ ਦੀ ਜੁਰਅੱਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਤੋਂ ਸਾਫ਼ ਹੁੰਦਾ ਹੈ ਕਿ ਦੇਸ਼ ਅੰਦਰ ਕੁਝ ਫਿਰਕੂ ਅਨਸਰਾਂ ਦੇ ਮਨਾਂ ਵਿੱਚ ਸਿੱਖ ਕੌਮ ਪ੍ਰਤੀ ਕਿੰਨਾ ਜ਼ਹਿਰ ਭਰਿਆ ਹੋਇਆ ਹੈ। ਉਨ੍ਹਾਂ ਸਮੁੱਚੀ ਸਿੱਖ ਸੰਗਤ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ 'ਤੇ ਜਾਣ ਸਮੇਂ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਉਕਸਾਹਟ ਜਾਂ ਭੜਕਾਹਟ ਦਾ ਸ਼ਿਕਾਰ ਨਾ ਹੋਣ।


ਉੱਤਰਾਖੰਡ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦਿਆਂ ਜਥੇਦਾਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਉੱਥੇ ਸਿੱਖ ਸ਼ਰਧਾਲੂਆਂ ਦੇ ਧਾਰਮਿਕ ਚਿੰਨ੍ਹਾਂ (ਕਕਾਰਾਂ) ਅਤੇ ਬਾਣੇ ਨੂੰ ਨਿਸ਼ਾਨਾ ਬਣਾ ਕੇ ਵਾਰ-ਵਾਰ ਵਿਵਾਦ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸਥਾਨਕ ਪੱਧਰ 'ਤੇ ਕੁਝ ਲੋਕ ਜਾਣਬੁੱਝ ਕੇ ਇਨ੍ਹਾਂ ਘਟਨਾਵਾਂ ਨੂੰ ਫਿਰਕੂ ਰੰਗਤ ਦੇ ਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।


ਉਨ੍ਹਾਂ ਉੱਤਰਾਖੰਡ ਸਰਕਾਰ ਨੂੰ ਦੋਟੁੱਕ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਉੱਥੇ ਜਾਣ ਵਾਲੇ ਸਿੱਖ ਤੇ ਪੰਜਾਬੀ ਸ਼ਰਧਾਲੂਆਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਸੂਬਾ ਪ੍ਰਸ਼ਾਸਨ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਜੇਕਰ ਸਰਕਾਰ ਨੇ ਇਨ੍ਹਾਂ ਸ਼ਰਾਰਤੀ ਤੱਤਾਂ ਨੂੰ ਨੱਥ ਨਾ ਪਾਈ ਅਤੇ ਸਿੱਖਾਂ ਦੇ ਸਵੈ-ਮਾਣ 'ਤੇ ਹਮਲੇ ਨਾ ਰੁਕੇ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉੱਤਰਾਖੰਡ ਦੀ ਯਾਤਰਾ ਨੂੰ ਲੈ ਕੇ ਕੋਈ ਬੇਹੱਦ ਸਖ਼ਤ ਅਤੇ ਵੱਡਾ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਵੇਗਾ।


ਆਸ਼ੀਸ਼ ਨੇਗੀ ਵੱਲੋਂ ਦਿੱਤੀ ਗਈ ਇਸ ਖੁੱਲ੍ਹੀ ਖ਼ੂਨੀ ਧਮਕੀ 'ਤੇ ਤੁਰੰਤ ਕਾਨੂੰਨੀ ਸ਼ਿਕੰਜਾ ਕੱਸਣ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਇਸ ਨਫ਼ਰਤੀ ਬਿਆਨਬਾਜ਼ੀ ਦੇ ਖ਼ਿਲਾਫ਼ ਤੁਰੰਤ ਅੰਮ੍ਰਿਤਸਰ ਵਿਖੇ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਵਾਇਆ ਜਾਵੇ, ਤਾਂ ਜੋ ਦੇਸ਼ ਦੀ ਅਮਨ-ਸ਼ਾਂਤੀ ਭੰਗ ਕਰਨ ਵਾਲੇ ਅਜਿਹੇ ਅਨਸਰਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਸਖ਼ਤ ਸਬਕ ਸਿਖਾਇਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.