IMG-LOGO
ਹੋਮ ਪੰਜਾਬ: ਗੁਰਦਾਸਪੁਰ ਦੇ 20 ਪਿੰਡਾਂ ਨੂੰ ਮਿਲੀ ਵੱਡੀ ਸੌਗਾਤ, ਰਮਨ ਬਹਿਲ...

ਗੁਰਦਾਸਪੁਰ ਦੇ 20 ਪਿੰਡਾਂ ਨੂੰ ਮਿਲੀ ਵੱਡੀ ਸੌਗਾਤ, ਰਮਨ ਬਹਿਲ ਨੇ 66 ਕੇਵੀ ਚੱਕ ਅਰਾਈਆਂ ਸਬ-ਸਟੇਸ਼ਨ ਕੀਤਾ ਲੋਕ ਅਰਪਿਤ

Admin User - Jun 30, 2026 08:58 PM
IMG

ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ ਬਿਜਲੀ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਹਲਕਾ ਇੰਚਾਰਜ ਰਮਨ ਬਹਿਲ ਨੇ ਚੱਕ ਅਰਾਈਆਂ ਵਿਖੇ ਨਵੇਂ ਬਣੇ 66 ਕੇਵੀ ਸਬ-ਸਟੇਸ਼ਨ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਦਿਨ ਹਲਕੇ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ, ਕਿਉਂਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਕਰੀਬ 20 ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਮਿਲੇਗੀ।

ਰਮਨ ਬਹਿਲ ਨੇ ਦੱਸਿਆ ਕਿ ਇਸ ਸਬ-ਸਟੇਸ਼ਨ ਦਾ ਨੀਂਹ ਪੱਥਰ ਨਵੰਬਰ 2023 ਵਿੱਚ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਰੱਖਿਆ ਗਿਆ ਸੀ। ਕਰੀਬ 5 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਇਹ ਪ੍ਰੋਜੈਕਟ ਹੁਣ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਲਾਕੇ ਦੇ ਪਿੰਡਾਂ ਨੂੰ ਹਰਦੋਛੰਨੀਆਂ ਸਬ-ਸਟੇਸ਼ਨ ਤੋਂ ਬਿਜਲੀ ਸਪਲਾਈ ਦਿੱਤੀ ਜਾਂਦੀ ਸੀ, ਜੋ ਲਗਭਗ 14 ਕਿਲੋਮੀਟਰ ਦੂਰ ਸਥਿਤ ਹੈ। ਲੰਮੀ ਬਿਜਲੀ ਲਾਈਨ ਕਾਰਨ ਤੇਜ਼ ਹਵਾਵਾਂ, ਦਰੱਖਤਾਂ ਦੀਆਂ ਟਾਹਣੀਆਂ ਅਤੇ ਹੋਰ ਤਕਨੀਕੀ ਕਾਰਨਾਂ ਕਰਕੇ ਅਕਸਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਸੀ, ਜਿਸ ਕਾਰਨ ਲੋਕਾਂ ਨੂੰ ਵਾਰ-ਵਾਰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਵੇਂ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਇਸ ਸਮੱਸਿਆ ਦਾ ਵੱਡੇ ਪੱਧਰ 'ਤੇ ਹੱਲ ਹੋਵੇਗਾ।

ਨਵੇਂ 66 ਕੇਵੀ ਸਬ-ਸਟੇਸ਼ਨ ਤੋਂ ਹੇਮਰਾਜਪੁਰ, ਮੁਸਤਫ਼ਾਬਾਦ, ਲੱਖੋਵਾਲ, ਮਸੀਤ, ਚੱਕ ਅਰਾਈਆਂ, ਵਰਸੋਲਾ, ਸਰਾਵਾਂ, ਦਾਖਲਾ, ਪਰਸੋ ਕਾ ਪਿੰਡ, ਪੂਰੋਵਾਲ ਬਾਹਮਣਾ, ਸਿੰਘੋਵਾਲਾ, ਚੌੜ ਸਿੱਧਵਾਂ, ਕੋਟਲੀ, ਨਰਪੁਰ, ਤੁੰਗ ਸਮੇਤ ਕਰੀਬ 20 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ। ਇਸ ਨਾਲ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਵੀ ਵਧੀਆ ਬਿਜਲੀ ਸੇਵਾਵਾਂ ਉਪਲਬਧ ਹੋਣਗੀਆਂ।

ਇਸ ਮੌਕੇ ਰਮਨ ਬਹਿਲ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ, ਇੰਜੀਨੀਅਰਾਂ ਅਤੇ ਸਮੂਹ ਸਟਾਫ਼ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕੀਤੀ।

ਉਨ੍ਹਾਂ ਨਾਲ ਹੀ ਸਾਰੇ ਸਰਪੰਚਾਂ, ਪੰਚਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਦਿੱਤਾ।

ਸਮਾਗਮ ਦੌਰਾਨ ਚੀਫ਼ ਇੰਜੀਨੀਅਰ ਐਸ.ਕੇ. ਬੈਂਸ, ਸੁਪਰਡੈਂਟ ਇੰਜੀਨੀਅਰ ਅਮਿਤ ਸ਼ਰਮਾ, ਕਾਰਜਕਾਰੀ ਇੰਜੀਨੀਅਰ ਕੁਲਦੀਪ ਸਿੰਘ, ਹਨੀ ਬਹਿਲ, ਬਾਵਾ ਬਹਿਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ, ਬਲਾਕ ਸੰਮਤੀ ਮੈਂਬਰ ਰਣਜੋਧ ਸਿੰਘ, ਪ੍ਰਗਟ ਸਿੰਘ ਗੁਣੀਆ, ਬਿਕਰਮ ਸਿੰਘ ਕਾਦੀਆਂਵਾਲੀ, ਸਿਮਰਨਜੀਤ ਸਿੰਘ ਲੱਖੋਵਾਲ, ਪ੍ਰਭੂ ਮਸੀਹ, ਸੁੱਖਵਿੰਦਰ ਸਿੰਘ, ਸਰਪੰਚ ਹਰਦੀਪ ਸਿੰਘ ਚੱਕ ਅਰਾਈਆਂ ਸਮੇਤ ਵੱਡੀ ਗਿਣਤੀ ਵਿੱਚ ਪੰਚ, ਸਰਪੰਚ ਅਤੇ ਇਲਾਕਾ ਵਾਸੀ ਹਾਜ਼ਰ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.