IMG-LOGO
ਹੋਮ ਪੰਜਾਬ: PSEB ਦਾ ਵੱਡਾ ਫ਼ੈਸਲਾ: ਦੇਸ਼ ਦਾ ਪਹਿਲਾ ਬੁੱਕ ਈ-ਪੋਰਟਲ ਸ਼ੁਰੂ,...

PSEB ਦਾ ਵੱਡਾ ਫ਼ੈਸਲਾ: ਦੇਸ਼ ਦਾ ਪਹਿਲਾ ਬੁੱਕ ਈ-ਪੋਰਟਲ ਸ਼ੁਰੂ, ਕਿਤਾਬਾਂ 'ਤੇ 15% ਛੋਟ ਅਤੇ ਘਰ ਤੱਕ ਡਿਲੀਵਰੀ ਦੀ ਸਹੂਲਤ

Admin User - Jul 01, 2026 07:43 PM
IMG

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਕਿਤਾਬਾਂ ਦੀ ਖਰੀਦ ਨੂੰ ਹੋਰ ਆਸਾਨ, ਪਾਰਦਰਸ਼ੀ ਅਤੇ ਕਿਫ਼ਾਇਤੀ ਬਣਾਉਣ ਲਈ ਦੇਸ਼ ਦਾ ਪਹਿਲਾ ਅਧਿਕਾਰਤ ਪੁਸਤਕ ਈ-ਕਾਮਰਸ ਪੋਰਟਲ ਲਾਂਚ ਕੀਤਾ ਹੈ। ਇਸ ਨਵੀਂ ਪਹਿਲ ਦਾ ਮੁੱਖ ਮਕਸਦ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਵੱਲੋਂ ਕੀਤੀ ਜਾਂਦੀ ਓਵਰਚਾਰਜਿੰਗ ਅਤੇ ਮਨਮਾਨੀ ਕੀਮਤਾਂ ਤੋਂ ਵਿਦਿਆਰਥੀਆਂ ਨੂੰ ਰਾਹਤ ਦੇਣਾ ਹੈ। ਹੁਣ ਵਿਦਿਆਰਥੀ, ਮਾਪੇ ਅਤੇ ਸਕੂਲ ਪ੍ਰਬੰਧਕ ਇਸ ਪੋਰਟਲ ਰਾਹੀਂ ਸਿੱਧੇ ਆਨਲਾਈਨ ਕਿਤਾਬਾਂ ਦਾ ਆਰਡਰ ਕਰ ਸਕਣਗੇ ਅਤੇ ਨਿਰਧਾਰਤ ਪ੍ਰਿੰਟ ਕੀਮਤ 'ਤੇ 15 ਫ਼ੀਸਦੀ ਦੀ ਸਿੱਧੀ ਛੋਟ ਦਾ ਲਾਭ ਲੈਣਗੇ।


ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਕਦਮ ਨਾਲ ਪੰਜਾਬ ਪੂਰੇ ਦੇਸ਼ ਵਿੱਚ ਆਪਣਾ ਅਧਿਕਾਰਤ ਬੁੱਕ ਈ-ਕਾਮਰਸ ਪੋਰਟਲ ਸ਼ੁਰੂ ਕਰਨ ਵਾਲਾ ਪਹਿਲਾ ਸਿੱਖਿਆ ਬੋਰਡ ਬਣ ਗਿਆ ਹੈ। ਇਸ ਨਾਲ ਸੂਬੇ ਦੇ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਧਾ ਫਾਇਦਾ ਮਿਲੇਗਾ ਅਤੇ ਮਾਪਿਆਂ ਦੀ ਹਰ ਸਾਲ ਕਰੀਬ 2.15 ਕਰੋੜ ਰੁਪਏ ਦੀ ਬੱਚਤ ਹੋਣ ਦਾ ਅਨੁਮਾਨ ਹੈ।


ਬੋਰਡ ਵੱਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਦੀਆਂ 361 ਟੈਕਸਟਬੁੱਕ ਟਾਈਟਲਜ਼ ਦੀਆਂ ਕਰੀਬ 2.25 ਕਰੋੜ ਕਿਤਾਬਾਂ ਛਾਪੀਆਂ ਗਈਆਂ ਹਨ। ਨਵੇਂ ਪੋਰਟਲ ਰਾਹੀਂ ਇਨ੍ਹਾਂ ਕਿਤਾਬਾਂ ਦੀ ਖਰੀਦ ਹੁਣ ਬਿਨਾਂ ਕਿਸੇ ਬਿਚੌਲੇ ਦੇ ਸਿੱਧੇ ਬੋਰਡ ਤੋਂ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਸਕੂਲ ਜਾਂ ਕਿਤਾਬ ਵਿਕਰੇਤਾ ਬੋਰਡ ਵੱਲੋਂ ਨਿਰਧਾਰਤ ਕੀਮਤ ਤੋਂ ਵੱਧ ਰਕਮ ਨਹੀਂ ਵਸੂਲ ਸਕੇਗਾ।


ਵਿਦਿਆਰਥੀਆਂ ਦੀ ਸਹੂਲਤ ਲਈ ਬੋਰਡ ਨੇ ਕਿਤਾਬਾਂ ਦੀ ਡਿਲੀਵਰੀ ਦੇ ਦੋ ਵਿਕਲਪ ਵੀ ਮੁਹੱਈਆ ਕਰਵਾਏ ਹਨ। ਪਹਿਲੇ ਵਿਕਲਪ ਤਹਿਤ ਪੰਜਾਬ ਭਰ ਵਿੱਚ 97 ਡਿਲੀਵਰੀ ਅਤੇ ਪਿਕ-ਅੱਪ ਸੈਂਟਰ ਬਣਾਏ ਗਏ ਹਨ, ਜਿੱਥੋਂ ਵਿਦਿਆਰਥੀ ਜਾਂ ਮਾਪੇ ਬਿਨਾਂ ਕਿਸੇ ਵਾਧੂ ਚਾਰਜ ਦੇ ਆਪਣੀਆਂ ਕਿਤਾਬਾਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, PSEB ਦੇ ਜ਼ਿਲ੍ਹਾ ਦਫ਼ਤਰਾਂ ਤੋਂ ਵੀ 15 ਫ਼ੀਸਦੀ ਛੋਟ ਨਾਲ ਕਿਤਾਬਾਂ ਖਰੀਦੀਆਂ ਜਾ ਸਕਦੀਆਂ ਹਨ।


ਦੂਜੇ ਵਿਕਲਪ ਤਹਿਤ ਜੇਕਰ ਕੋਈ ਵਿਦਿਆਰਥੀ ਕਿਤਾਬਾਂ ਆਪਣੇ ਘਰ ਦੇ ਪਤੇ 'ਤੇ ਮੰਗਵਾਉਣਾ ਚਾਹੁੰਦਾ ਹੈ ਤਾਂ ਇਸ ਲਈ PSEB ਨੇ ਭਾਰਤੀ ਡਾਕ ਵਿਭਾਗ ਨਾਲ ਸਮਝੌਤਾ ਕੀਤਾ ਹੈ। 'ਗਿਆਨ ਪੋਸਟ ਸਕੀਮ' ਅਧੀਨ 5 ਕਿਲੋਗ੍ਰਾਮ ਤੱਕ ਦੇ ਪਾਰਸਲਾਂ ਲਈ ਬਹੁਤ ਘੱਟ ਡਿਲੀਵਰੀ ਚਾਰਜ ਰੱਖਿਆ ਗਿਆ ਹੈ, ਜਿਸ ਨਾਲ ਘਰ ਬੈਠੇ ਕਿਤਾਬਾਂ ਪ੍ਰਾਪਤ ਕਰਨਾ ਹੋਰ ਵੀ ਸਸਤਾ ਅਤੇ ਆਸਾਨ ਹੋਵੇਗਾ।


ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਇਸ ਪੋਰਟਲ ਰਾਹੀਂ ਕਿਤਾਬਾਂ ਮੰਗਵਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਰਾਜ ਸਰਕਾਰ ਵੱਲੋਂ ਮੁਫ਼ਤ ਕਿਤਾਬਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਸੈਸ਼ਨ 2026-27 ਲਈ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਦੀ ਸਪਲਾਈ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਹੈ। ਇਹ ਨਵਾਂ ਪੋਰਟਲ ਖਾਸ ਤੌਰ 'ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਹੋਰ ਖਰੀਦਦਾਰਾਂ ਲਈ ਇੱਕ ਪਾਰਦਰਸ਼ੀ, ਸਸਤਾ ਅਤੇ ਭਰੋਸੇਯੋਗ ਵਿਕਲਪ ਸਾਬਤ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.