ਤਾਜਾ ਖਬਰਾਂ
ਮੋਗਾ ਸ਼ਹਿਰ ਦੇ ਕੋਟਕਪੂਰਾ ਬਾਈਪਾਸ ਨੇੜੇ ਵੀਰਵਾਰ ਸਵੇਰੇ ਇੱਕ ਖਾਲੀ ਪਲਾਟ ਵਿੱਚੋਂ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਲਾਸ਼ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਲਗਭਗ ਕੰਕਾਲ ਵਿੱਚ ਤਬਦੀਲ ਹੋ ਚੁੱਕੀ ਸੀ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਮੌਤ ਕਈ ਦਿਨ ਪਹਿਲਾਂ ਹੋਈ ਹੋਵੇਗੀ।
ਜਾਣਕਾਰੀ ਮੁਤਾਬਕ ਸਵੇਰੇ ਕਰੀਬ 8 ਵਜੇ ਸਥਾਨਕ ਲੋਕਾਂ ਨੇ ਕੋਟਕਪੂਰਾ ਪੁਲ ਹੇਠਾਂ ਸਥਿਤ ਇੱਕ ਖਾਲੀ ਪਲਾਟ ਵਿੱਚ ਲਾਸ਼ ਪਈ ਦੇਖੀ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਸਿਟੀ-2 ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਆਸ-ਪਾਸ ਦੇ ਥਾਣਿਆਂ ਵਿੱਚ ਦਰਜ ਗੁੰਮਸ਼ੁਦਾ ਵਿਅਕਤੀਆਂ ਦੇ ਰਿਕਾਰਡ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਮ੍ਰਿਤਕ ਦੀ ਪਛਾਣ ਕੀਤੀ ਜਾ ਸਕੇ।
ਇਸ ਦੌਰਾਨ 'ਸਮਾਜ ਸੇਵਾ ਸੁਸਾਇਟੀ' ਦੇ ਮੈਂਬਰ ਵੀ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨਾਲ ਮਿਲ ਕੇ ਲਾਸ਼ ਨੂੰ ਸਤਿਕਾਰ ਸਹਿਤ ਸਿਵਲ ਹਸਪਤਾਲ ਮੋਗਾ ਦੇ ਮੁਰਦਾਘਰ ਵਿੱਚ ਪਹੁੰਚਾਇਆ। ਪੁਲਿਸ ਨੇ ਲਾਸ਼ ਨੂੰ ਪਛਾਣ ਲਈ ਅਗਲੇ 72 ਘੰਟਿਆਂ ਤੱਕ ਮੁਰਦਾਘਰ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਜੇਕਰ ਕੋਈ ਪਰਿਵਾਰਕ ਮੈਂਬਰ ਜਾਂ ਜਾਣਕਾਰ ਸਾਹਮਣੇ ਆਉਂਦਾ ਹੈ ਤਾਂ ਸ਼ਨਾਖ਼ਤ ਹੋ ਸਕੇ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਮੌਤ ਕੁਦਰਤੀ ਸੀ, ਕਿਸੇ ਹਾਦਸੇ ਦਾ ਨਤੀਜਾ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਅਪਰਾਧਿਕ ਸਾਜ਼ਿਸ਼ ਹੈ। ਫਿਲਹਾਲ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Get all latest content delivered to your email a few times a month.