IMG-LOGO
ਹੋਮ ਪੰਜਾਬ, ਰਾਸ਼ਟਰੀ, ਜਰਮਨੀ ‘ਚ ਝੀਲ ‘ਚ ਡੁੱਬਣ ਨਾਲ ਅੰਮ੍ਰਿਤਸਰ ਦੇ ਨੌਜਵਾਨ ਦੀ...

ਜਰਮਨੀ ‘ਚ ਝੀਲ ‘ਚ ਡੁੱਬਣ ਨਾਲ ਅੰਮ੍ਰਿਤਸਰ ਦੇ ਨੌਜਵਾਨ ਦੀ ਦਰਦਨਾਕ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਦੀ ਸਰਕਾਰਾਂ ਨੂੰ ਅਪੀਲ

Admin User - Jul 03, 2026 05:29 PM
IMG

ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨੇੜਲੇ ਪਿੰਡ ਬੁੱਢਾ ਥੇ ਨਾਲ ਸਬੰਧਤ ਇੱਕ ਨੌਜਵਾਨ ਦੀ ਜਰਮਨੀ ਵਿੱਚ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਨਾਲ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੀ ਪਛਾਣ ਹਰਸ਼ਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 16 ਤੋਂ 18 ਸਾਲ ਦੱਸੀ ਜਾ ਰਹੀ ਹੈ। ਉਹ ਕਰੀਬ ਇੱਕ ਸਾਲ ਪਹਿਲਾਂ ਆਪਣੇ ਪਿਤਾ ਨੂੰ ਮਿਲਣ ਲਈ ਜਰਮਨੀ ਗਿਆ ਸੀ, ਜਿੱਥੇ ਉਸ ਦੇ ਪਿਤਾ ਪਿਛਲੇ ਸੱਤ ਸਾਲਾਂ ਤੋਂ ਰਹਿ ਕੇ ਕੰਮ ਕਰ ਰਹੇ ਹਨ।

ਪਰਿਵਾਰਕ ਜਾਣਕਾਰੀ ਮੁਤਾਬਕ ਹਰਸ਼ਪ੍ਰੀਤ ਆਪਣੇ ਕੁਝ ਦੋਸਤਾਂ ਨਾਲ ਘੁੰਮਣ ਅਤੇ ਤੈਰਨ ਲਈ ਇੱਕ ਝੀਲ ‘ਤੇ ਗਿਆ ਸੀ। ਤੈਰਾਕੀ ਦੌਰਾਨ ਉਹ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬ ਗਿਆ। ਉਸ ਦੇ ਨਾਲ ਮੌਜੂਦ ਦੋਸਤਾਂ ਅਤੇ ਸਥਾਨਕ ਲੋਕਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ। ਇਸ ਦੁਖਦਾਈ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਇੱਕ ਪਲ ਵਿੱਚ ਖਤਮ ਕਰ ਦਿੱਤੀਆਂ।

ਹਰਸ਼ਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਂ ਨੇ ਰੋਂਦਿਆਂ ਦੱਸਿਆ ਕਿ ਪੁੱਤਰ ਦੀ ਅਚਾਨਕ ਮੌਤ ਨੇ ਉਨ੍ਹਾਂ ਦੀ ਦੁਨੀਆ ਹੀ ਉਜਾੜ ਦਿੱਤੀ ਹੈ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਮਦਦ ਦੀ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਜਰਮਨੀ ਵਿੱਚ ਲੋੜੀਂਦੀਆਂ ਕਾਨੂੰਨੀ ਅਤੇ ਅੰਤਰਰਾਸ਼ਟਰੀ ਕਾਰਵਾਈਆਂ ਜਲਦੀ ਪੂਰੀਆਂ ਕਰਵਾ ਕੇ ਹਰਸ਼ਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਆਪਣੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ।

ਦੁਖੀ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਪਿੰਡ ਵਿੱਚ ਗਮਗੀਨ ਮਾਹੌਲ ਹੈ ਅਤੇ ਲੋਕ ਸਰਕਾਰ ਤੋਂ ਉਮੀਦ ਕਰ ਰਹੇ ਹਨ ਕਿ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਵਤਨ ਲਿਆਂਦਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.