ਤਾਜਾ ਖਬਰਾਂ
ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਅਰਬਨ ਐਂਟੀ ਲਾਰਵਾ ਟੀਮਾਂ ਨੇ ਸ਼ਹਿਰ ਅਤੇ ਹੋਰ ਇਲਾਕਿਆਂ ਵਿੱਚ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ। ਜਿੱਥੇ ਵੀ ਖੜ੍ਹੇ ਪਾਣੀ ਵਿੱਚ ਲਾਰਵਾ ਮਿਲਿਆ, ਉਸ ਨੂੰ ਤੁਰੰਤ ਨਸ਼ਟ ਕਰਵਾਇਆ ਗਿਆ ਅਤੇ ਪ੍ਰਭਾਵਿਤ ਥਾਵਾਂ 'ਤੇ ਐਂਟੀ ਲਾਰਵਾ ਸਪਰੇਅ ਵੀ ਕਰਵਾਈ ਗਈ। ਇਸ ਦੇ ਨਾਲ-ਨਾਲ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ ਅਤੇ ਪਾਣੀ ਇਕੱਠਾ ਨਾ ਹੋਣ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਸਰਕਾਰੀ ਦਫ਼ਤਰਾਂ ਅਤੇ ਘਰਾਂ ਵਿੱਚ 'ਡਰਾਈ ਡੇ' ਮਨਾਇਆ ਜਾਣਾ ਚਾਹੀਦਾ ਹੈ। ਇਸ ਦਿਨ ਕੂਲਰਾਂ, ਫਰਿੱਜ ਦੀ ਟਰੇਅ, ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨਾਂ ਅਤੇ ਹੋਰ ਪਾਣੀ ਇਕੱਠਾ ਕਰਨ ਵਾਲੀਆਂ ਥਾਵਾਂ ਦੀ ਸਫ਼ਾਈ ਕਰਨੀ ਲਾਜ਼ਮੀ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿੱਚ ਪਿਆ ਵਾਧੂ ਕਬਾੜ ਹਟਾਉਣ ਅਤੇ ਛੱਪੜਾਂ ਜਾਂ ਖੜ੍ਹੇ ਪਾਣੀ ਵਿੱਚ ਹਰ ਹਫ਼ਤੇ ਕਾਲੇ ਤੇਲ ਦਾ ਛਿੜਕਾਅ ਕਰਨ ਦੀ ਵੀ ਸਲਾਹ ਦਿੱਤੀ, ਤਾਂ ਜੋ ਮੱਛਰਾਂ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ।
ਸਰਵੇ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਕਈ ਥਾਵਾਂ 'ਤੇ ਡੇਂਗੂ ਦੇ ਲਾਰਵੇ ਮਿਲੇ, ਜਿਨ੍ਹਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਟੀਮਾਂ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਘਰਾਂ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਦੀ ਅਪੀਲ ਕੀਤੀ।
ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਠਿੰਡਾ ਵਿੱਚ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਡੇਂਗੂ ਵਾਰਡ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਅਚਾਨਕ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ ਜਾਂ ਚਮੜੀ 'ਤੇ ਦਾਣੇ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਹੈ।
ਸਿਹਤ ਵਿਭਾਗ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਵਿਭਾਗ ਦਾ ਪੂਰਾ ਸਹਿਯੋਗ ਕਰਨ, ਤਾਂ ਜੋ ਇਸ ਮੌਸਮੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
Get all latest content delivered to your email a few times a month.