ਤਾਜਾ ਖਬਰਾਂ
ਬਰਨਾਲਾ ਵਿੱਚ ਸਫ਼ਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ‘ਪੰਜਾਬ ਬੰਦ’ ਤੋਂ ਬਾਅਦ ਆਖ਼ਿਰਕਾਰ ਹੜਤਾਲ ਖਤਮ ਹੋ ਗਈ ਹੈ। ਪੰਜਾਬ ਸਰਕਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਠੇਕੇ ‘ਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਲਈ ਵੱਡੀ ਰਾਹਤ ਦਾ ਐਲਾਨ ਕਰਦਿਆਂ ਕਿਹਾ ਹੈ ਕਿ 1 ਅਗਸਤ ਤੋਂ ਉਨ੍ਹਾਂ ਨੂੰ 20,500 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਹੁਣ ਤੱਕ ਇਹ ਕਰਮਚਾਰੀ ਕਰੀਬ 10,500 ਰੁਪਏ ਮਹੀਨਾਵਾਰ ਤਨਖਾਹ ਲੈਂਦੇ ਸਨ, ਜਿਸ ਨੂੰ ਹਾਲ ਹੀ ਵਿੱਚ 14,000 ਰੁਪਏ ਕੀਤਾ ਗਿਆ ਸੀ। ਨਵੇਂ ਫ਼ੈਸਲੇ ਤਹਿਤ ਪ੍ਰੋਬੇਸ਼ਨ ਪੀਰੀਅਡ ਦੌਰਾਨ ਵੀ ਉਨ੍ਹਾਂ ਨੂੰ 20,500 ਰੁਪਏ ਤਨਖਾਹ ਮਿਲੇਗੀ।
ਸੋਮਵਾਰ ਨੂੰ ਵਾਲਮੀਕਿ ਸਮਾਜ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਸਭ ਤੋਂ ਵੱਧ ਪ੍ਰਭਾਵ ਜਲੰਧਰ ਵਿੱਚ ਵੇਖਣ ਨੂੰ ਮਿਲਿਆ। ਕਈ ਮੁੱਖ ਬਾਜ਼ਾਰ ਬੰਦ ਰਹੇ, ਜਦਕਿ ਐੱਮ.ਜੀ.ਐੱਨ., ਸੇਠ ਹੁਕਮ ਚੰਦ, ਇਨੋਸੈਂਟ ਹਾਰਟਸ ਅਤੇ ਸ਼ਿਵ ਜੋਤੀ ਵਰਗੇ ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਲਗਾਈਆਂ। ਬੱਸ ਸੇਵਾ ਵੀ ਪ੍ਰਭਾਵਿਤ ਰਹੀ, ਹਾਲਾਂਕਿ ਨੈਸ਼ਨਲ ਅਤੇ ਸਟੇਟ ਹਾਈਵੇਅ ‘ਤੇ ਆਵਾਜਾਈ ਆਮ ਰਹੀ। ਦੁਪਹਿਰ ਸਮੇਂ ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ।
ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਬੰਦ ਦਾ ਪ੍ਰਭਾਵ ਘੱਟ ਰਿਹਾ। ਲੁਧਿਆਣਾ ਵਿੱਚ ਪ੍ਰਦਰਸ਼ਨ ਹੋਇਆ ਪਰ ਬਾਜ਼ਾਰ ਖੁੱਲ੍ਹੇ ਰਹੇ, ਜਦਕਿ ਨਗਰ ਨਿਗਮ ਦਾ ਕੰਮਕਾਜ ਪ੍ਰਭਾਵਿਤ ਹੋਇਆ। ਪਟਿਆਲਾ ਅਤੇ ਬਠਿੰਡਾ ਵਿੱਚ ਆਮ ਜਨਜੀਵਨ ਲਗਭਗ ਸਧਾਰਨ ਰਿਹਾ।
ਇਸ ਦੌਰਾਨ ਦਿੱਲੀ ਵਿੱਚ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਕੇ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੀ ਨਿੰਦਾ ਕੀਤੀ। ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਅਤੇ ਸ਼ੇਰ ਸਿੰਘ ਘੁਬਾਇਆ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ 22 ਜੁਲਾਈ ਨੂੰ ਬਰਨਾਲਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਬਰਨਾਲਾ ਦੇ ਡੀਐੱਸਪੀ ਨੂੰ ਮੁਅੱਤਲ ਕਰ ਦਿੱਤਾ ਸੀ, ਪਰ ਵਾਲਮੀਕਿ ਸਮਾਜ ਨੇ ਇਸ ਕਾਰਵਾਈ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਹੁਣ ਸਰਕਾਰ ਵੱਲੋਂ SIT ਦੇ ਗਠਨ ਅਤੇ ਤਨਖਾਹ ਵਿੱਚ ਵਾਧੇ ਦੇ ਐਲਾਨ ਮਗਰੋਂ ਹੜਤਾਲ ਵਾਪਸ ਲੈ ਲਈ ਗਈ ਹੈ।
Get all latest content delivered to your email a few times a month.