ਤਾਜਾ ਖਬਰਾਂ
ਸੰਗਰੂਰ ਪੁਲਿਸ ਨੇ ਭਾਰਤੀ ਜਨਤਾ ਪਾਰਟੀ (BJP) ਦੇ ਜ਼ਿਲ੍ਹਾ ਦਫ਼ਤਰ 'ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਪਲੈਟੀਨਾ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਐਸਐਸਪੀ ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਐਸਐਸਪੀ ਮੁਤਾਬਕ, 26 ਜੁਲਾਈ 2026 ਨੂੰ ਤੜਕੇ ਕਰੀਬ 2:35 ਵਜੇ ਦੋ ਨੌਜਵਾਨ ਉਪਲੀ ਰੋਡ ਵਾਲੇ ਪਾਸੇ ਤੋਂ ਆਏ ਅਤੇ BJP ਦਫ਼ਤਰ ਦੀ ਚਾਰਦੀਵਾਰੀ ਉੱਪਰੋਂ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਮਲੇ ਦਾ ਮਕਸਦ ਦਫ਼ਤਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਇਲਾਕੇ ਦਾ ਮਾਹੌਲ ਖਰਾਬ ਕਰਨਾ ਸੀ। ਇਸ ਘਟਨਾ ਤੋਂ ਬਾਅਦ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ-1 ਸੰਗਰੂਰ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 326(g) ਅਤੇ ਐਕਸਪਲੋਸਿਵ ਸਬਸਟੈਂਸਿਜ਼ ਐਕਟ, 1908 ਦੀ ਧਾਰਾ 3 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਮਾਮਲੇ ਦੀ ਜਾਂਚ ਲਈ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਵਿਸ਼ੇਸ਼ ਪੁਲਿਸ ਟੀਮਾਂ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਬਣਾਈ ਗਈ। ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਪੁਲਿਸ ਨੇ ਹੈਪੀ ਸਿੰਘ ਉਰਫ਼ ਹੈਪੀ ਵਾਸੀ ਭੰਮਾਬੰਦੀ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਲਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਪਲੈਟੀਨਾ ਮੋਟਰਸਾਈਕਲ (PB-13BQ-0227) ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਦੀ ਮੁੱਢਲੀ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ "ਰਾਣਾ ਭਾਈ" ਨਾਮਕ ਵਿਅਕਤੀ ਦੇ ਸੰਪਰਕ ਵਿੱਚ ਸਨ। ਦੋਸ਼ ਹੈ ਕਿ ਉਸ ਵਿਅਕਤੀ ਨੇ BJP ਦਫ਼ਤਰ 'ਤੇ ਹਮਲਾ ਕਰਕੇ ਉਸ ਦੀ ਵੀਡੀਓ ਭੇਜਣ ਦੇ ਬਦਲੇ ਵੱਡੀ ਰਕਮ ਦੇਣ ਦਾ ਲਾਲਚ ਦਿੱਤਾ ਸੀ। ਇਸ ਸੌਦੇ ਦੇ ਤਹਿਤ ਪਹਿਲਾਂ ਹੀ ₹2,200 ਦੀ ਰਕਮ ਦੋ ਵੱਖ-ਵੱਖ UPI ਟ੍ਰਾਂਜ਼ੈਕਸ਼ਨਾਂ ਰਾਹੀਂ ਮੁਲਜ਼ਮਾਂ ਦੇ ਖਾਤੇ ਵਿੱਚ ਭੇਜੀ ਗਈ ਸੀ। ਮੁਲਜ਼ਮਾਂ ਨੇ ਵਾਰਦਾਤ ਦੀ ਵੀਡੀਓ ਵੀ ਬਣਾਈ ਸੀ, ਜੋ "ਰਾਣਾ ਭਾਈ" ਨੂੰ ਭੇਜੀ ਜਾਣੀ ਸੀ।
ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਹੁਣ "ਰਾਣਾ ਭਾਈ" ਦੇ ਸੋਸ਼ਲ ਮੀਡੀਆ ਅਕਾਊਂਟ, UPI ਲੈਣ-ਦੇਣ ਅਤੇ ਹੋਰ ਡਿਜ਼ੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਦੋਵੇਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਜਾਰੀ ਹੈ ਅਤੇ ਉਮੀਦ ਹੈ ਕਿ ਜਾਂਚ ਦੌਰਾਨ ਇਸ ਸਾਜ਼ਿਸ਼ ਨਾਲ ਜੁੜੇ ਹੋਰ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ।
Get all latest content delivered to your email a few times a month.