ਤਾਜਾ ਖਬਰਾਂ
ਪਟਿਆਲਾ ਪੁਲਿਸ ਨੇ ਅਬਚਲ ਨਗਰ ਵਿੱਚ ਇੱਕ ਘਰ 'ਤੇ ਹੋਏ ਪੈਟਰੋਲ ਬੰਬ ਹਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਕਿਸੇ ਗੈਂਗਵਾਰ ਜਾਂ ਅੱਤਵਾਦੀ ਸਾਜ਼ਿਸ਼ ਨਾਲ ਨਹੀਂ, ਸਗੋਂ ਪੁਰਾਣੀ ਨਿੱਜੀ ਰੰਜਿਸ਼ ਦਾ ਨਤੀਜਾ ਸੀ।
ਸਿਟੀ ਐਸਪੀ ਪਲਵਿੰਦਰ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜੁਲਾਈ ਦੀ ਰਾਤ ਕੁਝ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਰਮਿੰਦਰ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਨੇ ਬੀਅਰ ਦੀ ਬੋਤਲ ਵਿੱਚ ਪੈਟਰੋਲ ਭਰ ਕੇ ਅਤੇ ਕੱਪੜੇ ਦੀ ਬੱਤੀ ਲਗਾ ਕੇ ਪੈਟਰੋਲ ਬੰਬ ਤਿਆਰ ਕੀਤਾ, ਜਿਸ ਨੂੰ ਘਰ ਵੱਲ ਸੁੱਟ ਦਿੱਤਾ ਗਿਆ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ, ਐਸਪੀ ਸੁਖ ਅੰਮ੍ਰਿਤ ਸਿੰਘ ਰੰਧਾਵਾ ਅਤੇ ਸੀਆਈਏ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਖੁਫੀਆ ਸੂਚਨਾਵਾਂ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਪੁਲਿਸ ਨੇ ਹਰਸ਼ਜੀਤ ਸਿੰਘ ਉਰਫ਼ ਹਰਸ਼, ਪਰਮੇਸ਼ਵਰ ਅਤੇ ਹਰਵਿੰਦਰ ਸਿੰਘ ਉਰਫ਼ ਜੌਨੀ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਜੌਨੀ ਦੀ ਪਰਮਿੰਦਰ ਸਿੰਘ ਨਾਲ ਪਹਿਲਾਂ ਤੋਂ ਦੁਸ਼ਮਣੀ ਚੱਲ ਰਹੀ ਸੀ। ਇਸ ਰੰਜਿਸ਼ ਦਾ ਬਦਲਾ ਲੈਣ ਲਈ ਉਸ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਪੂਰੀ ਸਾਜ਼ਿਸ਼ ਰਚੀ ਅਤੇ ਪੈਟਰੋਲ ਬੰਬ ਹਮਲੇ ਨੂੰ ਅੰਜਾਮ ਦਿੱਤਾ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਰਹਿ ਚੁੱਕੇ ਹਨ ਅਤੇ ਇਸ ਸਮੇਂ ਜ਼ਮਾਨਤ 'ਤੇ ਬਾਹਰ ਸਨ। ਪੁਲਿਸ ਹੁਣ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਸਾਜ਼ਿਸ਼ ਵਿੱਚ ਹੋਰ ਕੋਈ ਵਿਅਕਤੀ ਸ਼ਾਮਲ ਤਾਂ ਨਹੀਂ ਸੀ ਅਤੇ ਮਾਮਲੇ ਨਾਲ ਜੁੜੇ ਹੋਰ ਤੱਥ ਵੀ ਸਾਹਮਣੇ ਲਿਆਂਦੇ ਜਾ ਸਕਣ।
Editor in Chief
ਕੱਪੜ ਛਾਣ
Get all latest content delivered to your email a few times a month.