IMG-LOGO
ਹੋਮ ਪੰਜਾਬ: ਸ਼ਹੀਦ ਊਧਮ ਸਿੰਘ ਸ਼ਹੀਦੀ ਦਿਵਸ ਮੌਕੇ “ਖੇਤੀ ਸੰਕਟ” ਬਾਰੇ ਸਰਬਪੱਖੀ...

ਸ਼ਹੀਦ ਊਧਮ ਸਿੰਘ ਸ਼ਹੀਦੀ ਦਿਵਸ ਮੌਕੇ “ਖੇਤੀ ਸੰਕਟ” ਬਾਰੇ ਸਰਬਪੱਖੀ ਪੁਸਤਕ ਪ੍ਰੋ. ਗੁਰਭਜਨ ਸਿੰਘ ਗਿੱਲ, ਕ ਕ ਬਾਵਾ ਤੇ ਖੁਸ਼ਵੰਤ ਬਰਗਾੜੀ ਵੱਲੋਂ ਲੋਕ ਅਰਪਣ

Admin User - Jul 31, 2026 08:38 PM
IMG

ਲੁਧਿਆਣਾ: 31 ਜੁਲਾਈ -

ਸ਼ਹੀਦ ਊਧਮ ਸਿੰਘ ਜੀ ਦੀ 87ਵੀਂ  ਬਰਸੀ ਮੌਕੇ ਲੁਧਿਆਣਾ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡਾ. ਸਟਾਲਿਨਜੀਤ ਸਿੰਘ ਬਰਾੜ ਵੱਲੋਂ ਸੱਪਾਦਿਤ ਪੁਸਤਕ”ਖੇਤੀ ਸੰਕਟ(ਪਰਾਲੀ, ਪਾਣੀ ਅਤੇ ਫ਼ਸਲੀ ਵੰਨ ਸੁਵੰਨਤਾ ਦੇ  ਪ੍ਰਸੰਗ ਵਿੱਚ) ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ   ਕ ਕ ਬਾਵਾ ਤੇ ਪੀਪਲਜ਼ ਫੋਰਮ  ਬਰਗਾੜੀ (ਫਰੀਦਕੋਟ) ਦੇ ਸੰਚਾਲਕ ਖੁਸ਼ਵੰਤ ਬਰਗਾੜੀ ਨੇ ਲੋਕ ਅਰਪਣ ਕੀਤੀ। 

ਇਸ ਮੌਕੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ  ਸ਼ਹੀਦ ਊਧਮ ਸਿੰਘ ਗਦਰ ਲਹਿਰ ਦਾ ਉਹ ਸੂਰਮਾ ਸੀ ਜਿਸ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਜੇ ਪਦ ਚਿੰਨ੍ਹਾਂ ਤੇ ਚੱਲਦਿਆਂ ਪੂਰੀ ਦੁਨੀਆਂ ਵਿੱਚ ਇਨਕਲਾਬੀ ਸਰਗਰਮੀਂ ਕੀਤੀਆਂ ਅਤੇ  ਕੈਕਸਟਨ ਹਾਲ ਲੰਡਨ ਵਿੱਚ ਸ਼ੇਖੀਆਂ ਮਾਰਦੇ ਸਰ ਮਾਈਕਲ ਓਡਵਾਇਰ ਨੂੰ ਮਾਰ ਕੇ ਕੌਮੀ ਅਪਮਾਨ ਦਾ ਬਦਲਾ ਲਿਆ। ਸੁਨਾਮ ਦੇ ਜੰਮਪਲ ਇਸ ਮਹਾਨ ਸਪੂਤ ਨੇ  21 ਸਾਲ ਇਹ ਸੁਪਨਾ ਸੰਭਾਲ ਕੇ ਰੱਖਿਆ ਕਿ  13 ਅਪ੍ਰੈਲ 1919 ਨੂੰ ਹੋਏ ਕਤਲੇਆਮ ਲਈ ਜ਼ਿੰਮੇਵਾਰ ਨੂੰ ਸੋਧਣਾ ਹੀ ਹੈ। 

ਪ੍ਰੋ. ਗੁਰਭਜਨ ਸਿੰਘ ਗਿੱਲ ਵੇ ਕਿਹਾ ਕਿ  ਖੇਤੀ ਸੰਕਟ ਬਾਰੇ  ਅੱਜ ਦੇ ਦਿਨ ਇਸ ਪੁਸਤਕ ਦਾ ਲੋਕ ਅਰਪਣ ਕਰਨਾ ਵੀ ਸੂਰਮੇ ਸ਼ਹੀਦ ਨੂੰ ਸ਼ਰਧਾਂਜਲੀਆਂ ਸਮਝੋ।

ਇਸ ਕਿਤਾਬ ਦਾ ਮੁੱਖ ਬੰਧ ਪਦਮ ਵਿਭੂਸ਼ਨ ਡਾ. ਸ ਸ ਜੌਹਲ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ। 

ਪ੍ਰੋ. ਗਿੱਲ ਨੇ ਕਿਹਾ ਕਿ 

ਬੀਜ਼, ਖਾਦ, ਨਦੀਨ ਨਾਸ਼ਕ, ਕੀਟ ਨਾਸ਼ਕ, ਬਿਮਾਰੀ ਨਾਸ਼ਕ ਜ਼ਹਿਰਾਂ ਬਾਰੇ ਸਹੀ ਤਕਨੀਕੀ ਗਿਆਨ ਦੇਣ ਵਾਲੇ ਸਰਕਾਰੀ ਕੇਂਦਰਾਂ ਦੀ ਥਾਂ ਖੇਤੀ ਸਾਧਨ ਮੁਹੱਈਆ ਕਰਵਾਉਣ ਵਾਲੇ ਜਿੰਮੇਵਾਰ ਦੁਕਾਨਦਾਰਾਂ ਨੂੰ ਗਿਆਨ ਵਿਗਿਆਨ ਕੇਂਦਰ ਵਜੋਂ ਵਿਕਸਤ ਕਰਨਾ ਪਵੇਗਾ। ਉਨ੍ਹਾਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਅਤੇ ਬਾਗਬਾਨੀ ਨਾਲ ਸੰਬੰਧਿਤ ਵਿਭਾਗਾਂ ਅਤੇ ਅਦਾਰਿਆਂ ਨਾਲ ਇਲੈਕਟ੍ਰਾਨਿਕ ਤਾਲਮੇਲ ਲਾਜ਼ਮੀਂ ਬਣਾਉਣਾ ਪਵੇਗਾ ਤਾਂ ਜੋ ਜਿਹੜੀ ਗੱਲ ਦੀ ਸਮਝ ਕਿਸਾਨ ਨੂੰ ਨਾ ਆਵੇ,ਦੁਕਾਨਦਾਰ ਵੀ ਸਪੱਸ਼ਟ ਨਾ ਹੋਵੇ ਤਾਂ ਉਹ ਸਹੀ ਜਾਣਕਾਰੀ ਟਕਸਾਲੀ ਅਦਾਰਿਆਂ ਤੋਂ ਲੈ ਕੇ ਵੰਡ ਸਕੇ। ਸਹਿਕਾਰੀ ਸਭਾਵਾਂ ਨੂੰ ਖੇਤੀ ਵਿਕਾਸ ਕੇਂਦਰਾਂ ਵਜੋਂ ਵਿਕਸਤ ਕਰਨ ਦੀ ਗੱਲ ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਬਹੁਤ ਤੇਜੀ ਨਾਲ ਤੁਰੀ ਸੀ ਅਤੇ ਉਥੋਂ ਚੰਗੇ ਨਤੀਜੇ ਵੀ ਹਾਸਲ ਹੋਏ ਹਨ। 

ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ ਨੇ ਕਿਹਾ ਕਿ ਸਭ ਤੋਂ ਵੱਡਾ ਸੰਕਟ ਕਿਰਤ ਸੱਭਿਆਚਾਰ ਤੋਂ ਕਿਸਾਨ ਵੀਰਾਂ ਦਾ ਦੂਰ ਹੋਣਾ ਵੀ ਹੇ। ਸਾਨੂੰ ਸਹਿਕਾਰੀ ਸਭਾਵਾਂ ਰਾਹੀ ਖੇਤੀ ਗਿਆਨ ਪਾਸਾਰ ਦਾ ਆਧਾਰ ਖੇਤੀਬਾੜੀ ਸਾਹਿਤ ਰੀਹੀ ਕਰਨਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੰਪਰੂਨ ਪੁਣ-ਛਾਣ ਉਪਰੰਤ ਪ੍ਰਕਾਸ਼ਿਤ ਕੀਤਾ ਜਾਂਦਾ ਮਾਸਕ ਪੱਤਰ 'ਚੰਗੀ ਖੇਤੀ', 'ਹਾੜੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ' ਨੂੰ ਹਰ ਕਿਸਾਨ ਪਰਿਵਾਰ ਤੱਕ ਪਹੁੰਚਾਉਣ ਲਈ ਇੱਕ ਮੁੱਠ ਹੱਲ ਦੀ ਲੋੜ ਹੈ। ਇੱਕ ਵਾਰ ਕੀਤਾ ਖਰਚਾ ਉਮਰ ਭਰ ਲਈ ਕਿਸਾਨ ਵੀਰਾਂ ਨੂੰ ਗਿਆਨਧਾਰਾ ਨਾਲ ਜੋੜੇਗਾ ਅਤੇ ਆਪਣਾ ਭਲਾ ਬੁਰਾ ਵਿਚਾਰਨ ਵਿੱਚ ਵੀ ਉਹ ਇਸ ਸਾਹਿਤ ਦੀ ਮਦਦ ਲੈ ਸਕੇਗਾ।

ਇਸ ਮੈਕੇ ਬੋਲਦਿਆਂ ਖੁਸ਼ਵੰਤ ਬਰਗਾੜੀ ਨੇ ਕਿਹਾ ਕਿ 

ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਨਾਲ ਪੈਦਾ ਹੁੰਦਾ ਜ਼ਹਿਰੀਲਾ ਧੂੰਆਂ ਹਵਾ ਦੀ ਨਮੀਂ ਵਿੱਚ ਘੁਲ ਜਾਂਦਾ ਹੈ ਤੇ ਉਹ ਸੜਕਾਂ ਉਪਰ ਚਲਦੀ ਆਵਾਜਾਈ ਲਈ ਹਾਸਦਿਆਂ ਦਾ ਕਾਰਨ ਬਣਦਾ ਹੈ। ਹਰ ਸਾਲ ਸਾਡੀ ਉਕਾਈ ਕਾਰਨ ਮਨੁੱਖੀ ਜਾਨਾਂ ਦਾ ਘਾਣ ਹੁੰਦਾ ਹੈ । ਡਾ. ਸਟਾਲਿਨਜੀਤ ਸਿੰਘ ਬਰਾੜ ਨੇ ਸਿਰਫ ਪਰਾਲੀ ਪ੍ਰਬੰਧਨ ਵੱਲ ਧਿਆਨ ਨਹੀਂ ਦਿੱਤਾ ਸਗੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਬਦਲਵੇਂ ਪ੍ਰਬੰਧ ਕਰ ਰਹੇ ਕਿਸਾਨ ਗਰੁੱਪਾਂ ਦੇ ਤਜ਼ਰਬਿਆਂ 'ਤੇ ਅਧਾਰਿਤ ਲੇਖ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਹਨ। 'ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ' ਜਲਾਲਾਦੀਵਾਲ ਵੱਲੋਂ ਰਾਏਕੋਟ ਖਿੱਤੇ ਦੇ ਪਿੰਡਾਂ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਸਿੱਧੀ ਬਜਾਈ ਅਤੇ ਪਰਾਲੀ ਨਾ ਸਾੜਨ ਉਪਰੰਤ ਕਣਕ ਦੀ ਹੈਪੀ ਸੀਡਰ, ਸੁਪਰ ਸੀਡਰ ਅਤੇ ਹੋਰ ਮਸ਼ੀਨਾ ਨਾਲ ਬਿਜਾਈ ਨਾਲ ਤਜਰਬੇ ਲਿਖਤੀ ਰੂਪ ਵਿੱਚ ਵੀ ਸਾਂਝੇ ਕੀਤੇ ਹਨ। ਇਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਰਚੂਰ ਵਿੱਚ ਵਸਦੇ ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਅਤੇ ਉਸ ਦੇ ਸਾਥੀਆਂ ਵੱਲੋਂ ਵਿਗਿਆਨ ਅਧਾਰਿਤ ਖੇਤੀ ਦਾ ਮਾਡਲ ਵਿਕਸਤ ਕਰਨ ਸੰਬੰਧੀ ਨੂੰ ਵੀ ਇਸ ਪੁਸਤਕ ਦਾ ਹਿੱਸਾ ਬਣਾਇਆ ਹੈ। ਖੇਤੀਬਾੜੀ ਅਰਥਚਾਰੇ ਨਾਲ ਸੰਬੰਧਿਤ ਮਾਹਰਾਂ ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਡਾ. ਗਿਆਨ ਸਿੰਘ, ‘ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ' ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਸ.ਸ. ਛੀਨਾ, ਡਾ. ਕੇਸਰ ਸਿੰਘ ਭੰਗੂ, ਭੋਜਨ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਦਵਿੰਦਰ ਸ਼ਰਮਾ, ਇਕਨਾਮਿਕ ਐਂਡ ਪੋਲੀਟੀਕਲ ਵੀਕਲੀ ਦੇ ਸੰਪਾਦਕ ਟੀਕੇ ਅਰੁਣ, ਕੁਸ਼ਲ ਪ੍ਰਸ਼ਾਸ਼ਿਕ ਅਤੇ ਖੇਤੀਬਾੜੀ ਦੀ ਅੰਦਰੋਂ ਥਾਹ ਪਾਉਣ ਵਾਲੇ ਸ. ਕਾਹਨ ਸਿੰਘ ਪੰਨੂ ਦੀਆਂ ਲਿਖਤਾਂ ਸਾਡੇ ਲਈ ਰਾਹ ਦਸੇਰਾ ਬਣਦੀਆਂ ਹਨ। ਇਹ ਪੁਸ਼ਤ ਪੀਪਲਜ਼ ਫੋਰਮ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.