ਤਾਜਾ ਖਬਰਾਂ
ਵੀਰਵਾਰ ਨੂੰ ਲੁਧਿਆਣਾ ਵਿੱਚ ਹੋਈ ਭਾਰੀ ਬਾਰਿਸ਼ ਦੌਰਾਨ ਕਿਚਲੂ ਨਗਰ ਸਥਿਤ ਧਾਮੀ ਹਸਪਤਾਲ ਨੇੜੇ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਮੁੱਖ ਸੜਕ ਦਾ ਕਰੀਬ 30 ਫੁੱਟ ਲੰਬਾ ਹਿੱਸਾ ਅਚਾਨਕ ਧੱਸ ਗਿਆ। ਸੜਕ ਧੱਸਣ ਨਾਲ ਲਗਭਗ 20 ਫੁੱਟ ਡੂੰਘਾ ਟੋਆ ਬਣ ਗਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਟੋਆ ਲਗਾਤਾਰ ਵੱਡਾ ਹੁੰਦਾ ਗਿਆ ਕਿਉਂਕਿ ਹੇਠਾਂ ਤੋਂ ਲੰਘ ਰਹੀ ਪੁਰਾਣੀ ਸੀਵਰੇਜ ਲਾਈਨ ਵਿੱਚ ਪਾਣੀ ਦਾ ਤੇਜ਼ ਵਹਾਅ ਜਾਰੀ ਸੀ।
ਸੜਕ ਧੱਸਣ ਕਾਰਨ ਨੇੜੇ ਸਥਿਤ ਦੋ ਤੋਂ ਤਿੰਨ ਇਮਾਰਤਾਂ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੁੜ ਭਾਰੀ ਮੀਂਹ ਪੈਂਦਾ ਹੈ ਜਾਂ ਮਿੱਟੀ ਹੋਰ ਖਿਸਕਦੀ ਹੈ ਤਾਂ ਇਮਾਰਤਾਂ ਦੀਆਂ ਨੀਂਹਾਂ ਕਮਜ਼ੋਰ ਹੋ ਸਕਦੀਆਂ ਹਨ, ਜਿਸ ਨਾਲ ਵੱਡਾ ਹਾਦਸਾ ਵਾਪਰਨ ਦੀ ਸੰਭਾਵਨਾ ਬਣ ਸਕਦੀ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਨਿਗਮ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਟੋਏ ਦੇ ਆਲੇ-ਦੁਆਲੇ ਬੈਰੀਕੇਡ ਲਗਾ ਕੇ ਸੜਕ ਦਾ ਪ੍ਰਭਾਵਿਤ ਹਿੱਸਾ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ ਅਤੇ ਸਥਾਨਕ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜੇ.ਐਸ. ਸੇਖੋਂ ਨੇ ਦੱਸਿਆ ਕਿ ਇਹ ਸੜਕ ਦਹਾਕਿਆਂ ਪੁਰਾਣੀ ਸੀਵਰੇਜ ਲਾਈਨ ਦੇ ਉੱਪਰ ਬਣੀ ਹੋਈ ਸੀ। ਉਨ੍ਹਾਂ ਮੁਤਾਬਕ ਸਾਲਾਂ ਤੋਂ ਟੈਲੀਕਾਮ ਅਤੇ ਇੰਟਰਨੈੱਟ ਕੇਬਲਾਂ ਵਿਛਾਉਣ ਲਈ ਵਾਰ-ਵਾਰ ਕੀਤੀ ਗਈ ਖੁਦਾਈ ਕਾਰਨ ਸੜਕ ਦਾ ਢਾਂਚਾ ਕਮਜ਼ੋਰ ਹੋ ਗਿਆ ਸੀ, ਜਿਸ ਕਾਰਨ ਬਾਰਿਸ਼ ਦੇ ਦਬਾਅ ਹੇਠ ਇਹ ਹਾਦਸਾ ਵਾਪਰਿਆ।
ਫਿਲਹਾਲ ਨਗਰ ਨਿਗਮ ਦੀਆਂ ਟੀਮਾਂ ਸਭ ਤੋਂ ਪਹਿਲਾਂ ਖਰਾਬ ਹੋਈ ਸੀਵਰੇਜ ਲਾਈਨ ਦੀ ਮੁਰੰਮਤ ਅਤੇ ਪ੍ਰਭਾਵਿਤ ਇਲਾਕੇ ਨੂੰ ਸੁਰੱਖਿਅਤ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਆਉਣ ਅਤੇ ਭੂਮੀਗਤ ਢਾਂਚੇ ਨੂੰ ਸੁਰੱਖਿਅਤ ਘੋਸ਼ਿਤ ਕਰਨ ਤੋਂ ਬਾਅਦ ਹੀ ਸੜਕ ਦੇ ਧੱਸੇ ਹੋਏ ਹਿੱਸੇ ਦਾ ਮੁੜ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨੇੜਲੇ ਘਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਹੋਰ ਕਿਸੇ ਹਿੱਸੇ ਦੇ ਧੱਸਣ ਤੋਂ ਰੋਕਣ ਲਈ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
Get all latest content delivered to your email a few times a month.