IMG-LOGO
ਹੋਮ ਪੰਜਾਬ: ਭਾਜਪਾ ਦੇ ਇਸ਼ਾਰੇ 'ਤੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ...

ਭਾਜਪਾ ਦੇ ਇਸ਼ਾਰੇ 'ਤੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਤੇ ਹੋਰ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ 'ਤੇ ਪੰਜਾਬ ਨੂੰ ਬਦਨਾਮ ਕਰਨ ਲਈ ਚਲਾ...

Admin User - Aug 11, 2026 07:43 PM
IMG

ਚੰਡੀਗੜ੍ਹ 11 ਅਗਸਤ-

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਅਤੇ ਹੋਰ ਸੈਲੀਬ੍ਰਿਟੀਜ਼ ਵੱਲੋਂ ਸੋਸ਼ਲ ਮੀਡੀਆ 'ਤੇ ਪੰਜਾਬ ਨੂੰ ਬਦਨਾਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਭੱਜੀ ਨੂੰ ਇੱਜ਼ਤ ਬਖ਼ਸ਼ ਕੇ ਰਾਜ ਸਭਾ ਦੀ ਕੁਰਸੀ 'ਤੇ ਬਠਾਇਆ, ਉਸੇ ਨਾਲ ਪਿੱਠ ਵਿੱਚ ਛੁਰਾ ਘੋਪ ਕੇ ਉਹ ਭਾਜਪਾ ਦੀ ਗੋਦ ਵਿੱਚ ਜਾ ਬੈਠੇ ਹਨ। ਅੱਜ ਇਹ ਬਿਕਾਊ  ਨੇਤਾ ਤੇ ਸੈਲੀਬ੍ਰਿਟੀਜ਼ ਭਾਜਪਾ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਰੋਸੇ ਗਏ ਝੂਠ ਦੇ ਪੁਲੰਦੇ ਨੂੰ ਅੱਖਾਂ ਮੀਚ ਕੇ ਵਾਇਰਲ ਕਰਕੇ ਪੰਜਾਬ, ਪੰਜਾਬ ਪੁਲਿਸ ਅਤੇ ਸਰਕਾਰ ਦੀ ਪਿੱਠ 'ਚ ਖੰਜਰ ਮਾਰਨ ਦੀ ਗੰਦੀ ਸਾਜ਼ਿਸ਼ ਰਚ ਰਹੇ ਹਨ।

ਮੰਗਲਵਾਰ ਨੂੰ ਇੱਕ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦਿਆਂ ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਜਿਸ ਵੀਡੀਓ ਨੂੰ ਹਰਭਜਨ ਭੱਜੀ ਅਤੇ ਸੋਨੂ ਸੂਦ ਵਰਗੇ ਸੈਲੀਬ੍ਰਿਟੀਜ਼ ਵੱਲੋਂ ਪੰਜਾਬ ਦਾ ਦੱਸ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਹਾ ਹੈ,ਉਹ ਪੰਜਾਬ ਦੀ ਨਹੀਂ ਸਗੋਂ ਰਾਜਸਥਾਨ ਦੀ ਹੈ। ਬਿਨਾਂ ਕੋਈ ਤੱਥ ਜਾਣੇ, ਸਿਰਫ਼ 'ਲਾਇਕਸ' ਅਤੇ 'ਵਿਊਜ਼' ਬਟੋਰਨ ਲਈ ਅਜਿਹੀ ਬੋਗਸ ਵੀਡੀਓ ਪਾ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਪੰਨੂ ਨੇ ਸਵਾਲ ਕੀਤਾ ਕਿ ਜਦੋਂ ਮੁੰਦਰਾ ਪੋਰਟ (ਗੁਜਰਾਤ) ਤੋਂ ਬਰਾਮਦ ਹਜ਼ਾਰਾਂ ਕਿੱਲੋ ਨਸ਼ੇ ਬਾਰੇ, ਜਿਸ ਬਾਰੇ ਖ਼ਬਰਾਂ ਆਈਆਂ ਸਨ ਕਿ ਉਸਨੂੰ ਚੂਹੇ ਖਾ ਗਏ, ਉਦੋਂ ਇਹ ਨੇਤਾ ਅਤੇ ਸੈਲੀਬ੍ਰਿਟੀ ਚੁੱਪ ਕਿਉਂ ਹਨ? ਨਸ਼ਾ ਅੱਜ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ, ਜਿਸ ਵਿਰੁੱਧ ਐਫਬੀਆਈ ਦੇ 'ਓਪਰੇਸ਼ਨ ਹਾਰਡ ਬਾਲ' ਵਰਗੀਆਂ ਕਾਰਵਾਈਆਂ ਵੀ ਚੱਲ ਰਹੀਆਂ ਹਨ, ਪਰ ਪੰਜਾਬ ਵਿੱਚ ਭਾਜਪਾ ਦੀ ਚਾਲ ਹੇਠ ਆ ਕੇ ਰਾਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜੰਗ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜ਼ਿਲ੍ਹਾ, ਵਿਧਾਨ ਸਭਾ, ਕਸਬਾ ਅਤੇ ਪਿੰਡ ਪੱਧਰ ਤੱਕ 'ਵਿਲੇਜ ਡਿਫੈਂਸ ਕਮੇਟੀਆਂ' ਰਾਹੀਂ ਜ਼ਮੀਨੀ ਪੱਧਰ 'ਤੇ ਲੜੀ ਜਾ ਰਹੀ ਹੈ। ਸਰਹੱਦਾਂ 'ਤੇ ਐਂਟੀ-ਡਰੋਨ ਸਿਸਟਮ ਲਗਾਏ ਗਏ ਹਨ ਅਤੇ ਆਮ ਲੋਕ ਡਾਇਰੈਕਟ ਐਪ ਰਾਹੀਂ ਡੀਜੀਪੀ ਤੇ ਮੁੱਖ ਮੰਤਰੀ ਤੱਕ ਸੂਚਨਾਵਾਂ ਭੇਜ ਰਹੇ ਹਨ।


ਪੰਜਾਬ ਪੁਲਿਸ ਦੀ ਪਰਫਾਰਮੈਂਸ ਦੇ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ 1 ਮਾਰਚ 2025 ਤੋਂ 9 ਅਗਸਤ 2026 ਤੱਕ ਪੰਜਾਬ ਪੁਲਿਸ ਨੇ56,267 ਮਾਮਲੇ ਦਰਜ ਕੀਤੇ ਅਤੇ 75,552 ਦੋਸ਼ੀਆਂ ਨੂੰ ਨਾਮਜ਼ਦ ਕੀਤਾ। ਇਸ ਤੋਂ ਇਲਾਵਾ 3,575 ਕਿਲੋ ਹੈਰੋਇਨ, 509 ਕਿਲੋ ਸਮੈਕ, 880 ਕਿਲੋ ਅਫ਼ੀਮ, 43,271 ਕਿਲੋ ਪੋਸਤ (ਡੋਡੇ), 95 ਕਿਲੋ ਤੋਂ ਵੱਧ ਚਰਸ ਬਰਾਮਦ ਕੀਤੀ ਅਤੇ 21 ਕਰੋੜ 71 ਲੱਖ 267 ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ।


ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਬੋਲਬਾਲਾ 2007 ਤੋਂ 2017 ਦਰਮਿਆਨ ਪਿਛਲੀਆਂ ਸਰਕਾਰਾਂ ਵੇਲੇ ਸ਼ੁਰੂ ਹੋਇਆ ਸੀ, ਜਿਸਨੇ ਪੂਰੀ ਪੀੜ੍ਹੀ ਬਰਬਾਦ ਕੀਤੀ। ਅੱਜ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਿਆ ਗਿਆ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਕਪਤਾਨ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਭਾਰਤੀ ਹਾਕੀ ਟੀਮ ਦੇ 9 ਖਿਡਾਰੀ ਪੰਜਾਬ ਦੇ ਨੌਜਵਾਨ ਹਨ। ਉਨ੍ਹਾਂ ਹਰਭਜਨ ਭੱਜੀ ਨੂੰ ਆੜੇ ਹੱਥੀਂ ਲੈਂਦਿਆਂ ਪੁੱਛਿਆ ਕਿ ਖੁਦ ਖਿਡਾਰੀ ਹੁੰਦਿਆਂ ਉਨ੍ਹਾਂ ਨੇ ਪੰਜਾਬ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੀ ਯੋਗਦਾਨ ਪਾਇਆ?


ਪੰਨੂ ਨੇ ਪੰਜਾਬ ਦੇ ਲੋਕਾਂ, ਪੁਲਿਸ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਯੋਧਿਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਰਕਾਰ ਅਤੇ ਪੰਜਾਬ ਦੇ ਲੋਕ ਇਸ ਮੁਹਿੰਮ ਵਿੱਚ ਪੂਰੀ ਤਰ੍ਹਾਂ ਨਾਲ ਡਟੇ ਹੋਏ ਹਨ। ਉਨ੍ਹਾਂ ਭੱਜੀ ਅਤੇ ਹੋਰਾਂ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਲਈ ਰਚੀਆਂ ਜਾ ਰਹੀਆਂ ਅਜਿਹੀਆਂ ਝੂਠੀਆਂ ਸਾਜ਼ਿਸ਼ਾਂ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.