ਤਾਜਾ ਖਬਰਾਂ
ਜਾਣਕਾਰੀ ਮੁਤਾਬਕ ਸਤਪਾਲ ਸਿੰਘ ਪੁੱਤਰ ਬਲਬੀਰ ਸਿੰਘ ਆਪਣੇ ਦੋਸਤ ਲਵਪ੍ਰੀਤ ਸਿੰਘ ਵਾਸੀ ਕੋਟ ਬੁੱਢਾ ਨਾਲ ਘਰ ਦੇ ਇੱਕ ਕਮਰੇ ਵਿੱਚ ਸੁੱਤਾ ਹੋਇਆ ਸੀ। ਦੋਵੇਂ ਕਾਫ਼ੀ ਕਰੀਬੀ ਦੋਸਤ ਦੱਸੇ ਜਾਂਦੇ ਸਨ ਅਤੇ ਲਵਪ੍ਰੀਤ ਸਿੰਘ ਅਕਸਰ ਉਸਦੇ ਨਾਲ ਹੀ ਰਹਿੰਦਾ ਸੀ। ਬੁੱਧਵਾਰ ਨੂੰ ਵੀ ਦੋਵੇਂ ਇਕੱਠੇ ਕਮਰੇ ਵਿੱਚ ਸੁੱਤੇ ਹੋਏ ਸਨ।
ਇਸੇ ਦੌਰਾਨ ਅਚਾਨਕ ਘਰ ਅੰਦਰੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਜਦੋਂ ਕਮਰੇ ਵਿੱਚ ਪਹੁੰਚੇ ਤਾਂ ਸਤਪਾਲ ਸਿੰਘ ਖੂਨ ਨਾਲ ਲੱਥਪੱਥ ਹਾਲਤ ਵਿੱਚ ਬੈੱਡ ’ਤੇ ਪਿਆ ਸੀ। ਉਸ ਨੂੰ ਤੁਰੰਤ ਤਰਨਤਾਰਨ ਦੇ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਾਰਦਾਤ ਤੋਂ ਬਾਅਦ ਸਤਪਾਲ ਸਿੰਘ ਦਾ ਦੋਸਤ ਲਵਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਮ੍ਰਿਤਕ ਦਾ ਲਾਇਸੈਂਸੀ ਪਿਸਤੌਲ ਵੀ ਆਪਣੇ ਨਾਲ ਲੈ ਗਿਆ। ਦੋਵਾਂ ਵਿਚਕਾਰ ਬਹੁਤ ਗਹਿਰੀ ਦੋਸਤੀ ਹੋਣ ਕਾਰਨ ਇਹ ਘਟਨਾ ਪਰਿਵਾਰ ਅਤੇ ਪਿੰਡ ਵਾਸੀਆਂ ਲਈ ਹੈਰਾਨ ਕਰਨ ਵਾਲੀ ਬਣੀ ਹੋਈ ਹੈ।
ਫਿਲਹਾਲ ਕਤਲ ਦੇ ਪਿੱਛੇ ਅਸਲ ਕਾਰਨ ਕੀ ਸੀ, ਇਹ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਹਰੀਕੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕਰਨ ਅਤੇ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਦੋਵਾਂ ਦੋਸਤਾਂ ਵਿਚਕਾਰ ਅਜਿਹਾ ਕੀ ਵਾਪਰਿਆ, ਜਿਸ ਕਾਰਨ ਗੱਲ ਗੋਲੀਬਾਰੀ ਅਤੇ ਕਤਲ ਤੱਕ ਪਹੁੰਚ ਗਈ।
Get all latest content delivered to your email a few times a month.