ਤਾਜਾ ਖਬਰਾਂ
ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਖੁਰਾਕ ਸੁਰੱਖਿਆ ਮਿਆਰਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸ਼ਹਿਰ ਭਰ 'ਚ ਵੱਡੀ ਕਾਰਵਾਈ ਕੀਤੀ ਹੈ। ਅਧਿਕਾਰੀਆਂ ਨੇ ਮੁੰਬਈ ਦੇ ਚੈਂਬੂਰ (ਵਾਸ਼ੀਨਾਕਾ) ਖੇਤਰ 'ਚ ਸਥਿਤ ਪਾਰਲੇ ਐਗਰੋ ਦੇ ਗੋਦਾਮ 'ਤੇ ਰਾਤ ਭਰ ਛਾਪੇਮਾਰੀ ਕਰਕੇ 1 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ ਮਿਆਦ ਪੁੱਗ ਚੁੱਕੇ (Expired) ਫਰੂਟੀ, ਐਪੀ ਫਿਜ਼ ਅਤੇ ਕੈਂਡੀ ਜੂਸ ਜ਼ਬਤ ਕੀਤੇ ਹਨ।
FDA ਦੇ 8 ਅਧਿਕਾਰੀਆਂ ਦੀ ਟੀਮ ਵੱਲੋਂ 13 ਅਗਸਤ ਸ਼ਾਮ 6 ਵਜੇ ਸ਼ੁਰੂ ਕੀਤੀ ਗਈ ਇਹ ਕਾਰਵਾਈ 14 ਅਗਸਤ ਸਵੇਰੇ 5 ਵਜੇ ਤੱਕ ਜਾਰੀ ਰਹੀ। ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਐਕਸਪਾਇਰੀ ਸਟਾਕ ਮਿਲਣ ਤੋਂ ਬਾਅਦ ਏਜੰਸੀ ਨੇ ਗੋਦਾਮ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਹੈ ਅਤੇ ਮਾਲ ਦੀ ਢੋਆ-ਢੁਆਈ ਲਈ ਵਰਤੇ ਜਾਂਦੇ 2 ਵਾਹਨ ਵੀ ਜ਼ਬਤ ਕਰ ਲਏ ਹਨ। ਅਗਲੇ ਹੁਕਮਾਂ ਤੱਕ ਇਸ ਗੋਦਾਮ ਤੋਂ ਕਿਸੇ ਵੀ ਤਰ੍ਹਾਂ ਦੀ ਵੇਚ-ਵੱਟਕ ਜਾਂ ਸਪਲਾਈ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ, IAS ਅਧਿਕਾਰੀ ਤੁਕਾਰਾਮ ਮੁੰਡੇ ਦੀ ਅਗਵਾਈ ਹੇਠ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ FDA ਨੇ ਡੋਮਿਨੋਜ਼ ਪੀਜ਼ਾ (ਜੁਬੀਲੈਂਟ ਫੂਡਵਰਕਸ) ਦੇ 4 ਆਊਟਲੇਟਾਂ ਦੇ ਭੋਜਨ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇਨ੍ਹਾਂ 'ਚੋਂ 3 ਮੁੰਬਈ (ਵਿਲੇ ਪਾਰਲੇ ਵੈਸਟ, ਬੋਰੀਵਲੀ ਵੈਸਟ, ਘਾਟਕੋਪਰ ਦੇ ਆਰ ਸਿਟੀ ਮਾਲ) ਅਤੇ 1 ਸਤਾਰਾ ਜ਼ਿਲ੍ਹੇ 'ਚ ਸਥਿਤ ਹੈ।
ਨਿਰੀਖਣ ਦੌਰਾਨ ਆਊਟਲੇਟਾਂ 'ਚ ਸਫ਼ਾਈ ਦੇ ਮਾੜੇ ਮਿਆਰ, FSSAI ਲਾਇਸੈਂਸ ਦੀ ਘਾਟ, ਪੀਣ ਵਾਲੇ ਪਾਣੀ ਦੀ ਅਣਹੋਂਦ ਅਤੇ ਕੀਟ ਨਿਯੰਤਰਣ (Pest Control) 'ਚ ਵੱਡੀਆਂ ਖਾਮੀਆਂ ਪਾਈਆਂ ਗਈਆਂ। ਬੋਰੀਵਲੀ ਆਊਟਲੇਟ 'ਚ 15 ਫ਼ੀਸਦੀ ਤੱਕ ਨਿਯਮਾਂ ਦੀ ਉਲੰਘਣਾ ਦਰਜ ਕੀਤੀ ਗਈ।
FDA ਨੇ ਕੰਪਨੀ ਨੂੰ ਹਦਾਇਤ ਦਿੱਤੀ ਹੈ ਕਿ:
ਜੰਮੇ ਹੋਏ ਭੋਜਨ (Frozen Food) ਦੇ ਤਾਪਮਾਨ ਦਾ ਸਹੀ ਰਿਕਾਰਡ ਰੱਖਿਆ ਜਾਵੇ।
ਕੱਚੇ-ਪਕੇ ਅਤੇ ਸ਼ਾਕਾਹਾਰੀ-ਮਾਸਾਹਾਰੀ ਭੋਜਨ ਨੂੰ ਵੱਖ-ਵੱਖ ਸਟੋਰ ਕੀਤਾ ਜਾਵੇ।
ਰਸੋਈ ਦੇ ਭਾਂਡਿਆਂ ਅਤੇ ਉਪਕਰਣਾਂ ਨੂੰ ਨਿਯਮਿਤ ਤੌਰ 'ਤੇ ਰੋਗਾਣੂ-ਮੁਕਤ (Sanitize) ਕੀਤਾ ਜਾਵੇ।
Get all latest content delivered to your email a few times a month.