ਤਾਜਾ ਖਬਰਾਂ
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ਸਥਿਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੀ ਪਾਰਕਿੰਗ 'ਚ ਖੜ੍ਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਬੱਸਾਂ ਦੀ ਬੁੱਧਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਬੱਸਾਂ ਦੇ ਸ਼ੀਸ਼ੇ ਅਤੇ ਹੋਰ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।
ਮੌਕੇ ਤੋਂ ਮਿਲੇ ਨਿਸ਼ਾਨਾਂ ਦੇ ਆਧਾਰ 'ਤੇ ਬੱਸਾਂ 'ਤੇ ਗੋਲੀਆਂ ਚਲਾਏ ਜਾਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਗੋਲੀਬਾਰੀ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਇਹ ਬੱਸਾਂ ਐਸਜੀਪੀਸੀ ਵੱਲੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਵਰਤੀਆਂ ਜਾਂਦੀਆਂ ਹਨ। ਜਾਣਕਾਰੀ ਅਨੁਸਾਰ ਜਬਲਪੁਰ ਤੋਂ ਆਈ ਸੰਗਤ ਨੂੰ ਵੀ ਇਨ੍ਹਾਂ ਬੱਸਾਂ ਰਾਹੀਂ ਦਰਸ਼ਨਾਂ ਲਈ ਲੈ ਕੇ ਜਾਣਾ ਸੀ।
ਐਸਜੀਪੀਸੀ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਰਕਿੰਗ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਕੁਝ ਸ਼ੱਕੀ ਵਿਅਕਤੀ ਬੱਸਾਂ ਦੀ ਭੰਨਤੋੜ ਕਰਦੇ ਦਿਖਾਈ ਦੇ ਰਹੇ ਹਨ। ਪੁਲਿਸ ਉਨ੍ਹਾਂ ਦੀ ਪਛਾਣ ਕਰਨ 'ਚ ਜੁਟੀ ਹੋਈ ਹੈ। ਫਿਲਹਾਲ ਇਸ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
Get all latest content delivered to your email a few times a month.