ਤਾਜਾ ਖਬਰਾਂ
ਜਲੰਧਰ ਦੇ ਪਿੰਡ ਕਾਹਨਪੁਰ ਦੇ ਸਰਪੰਚ ਕਮਲਜੀਤ ਸਿੰਘ ਵਿਰੁੱਧ ਇੱਕ ਔਰਤ ਦੀ ਸ਼ਿਕਾਇਤ 'ਤੇ ਮਕਸੂਦਾਂ ਥਾਣੇ ਦੀ ਪੁਲਿਸ ਨੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਹੈ। ਕਾਨੂੰਨੀ ਰਾਇ (DA Legal) ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 64 ਦੇ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਔਰਤ ਦਾ ਦੋਸ਼ ਹੈ ਕਿ ਸਰਪੰਚ ਨੇ ਉਸ ਨੂੰ ਕੋਲਡ ਡ੍ਰਿੰਕ 'ਚ ਨਸ਼ੀਲਾ ਪਦਾਰਥ ਪਿਆ ਕੇ ਬੇਹੋਸ਼ ਕੀਤਾ ਅਤੇ ਉਸ ਨਾਲ ਗਲਤ ਕੰਮ ਕਰਕੇ ਵੀਡੀਓ ਬਣਾ ਲਈ।
ਪੀੜਤ ਔਰਤ ਅਨੁਸਾਰ ਇਹ ਘਟਨਾ ਜੂਨ 2024 ਦੀ ਹੈ, ਜਦੋਂ ਉਹ ਆਪਣੇ ਬੱਚੇ ਲਈ ਦੁੱਧ ਲੈਣ ਸਰਪੰਚ ਦੀ ਡੇਅਰੀ 'ਚ ਗਈ ਸੀ। ਉੱਥੇ ਉਸ ਨੂੰ ਨਸ਼ੀਲਾ ਪਦਾਰਥ ਪਿਆ ਕੇ ਬੇਹੋਸ਼ ਕਰ ਦਿੱਤਾ ਗਿਆ ਅਤੇ ਇਤਰਾਜ਼ਯੋਗ ਵੀਡੀਓ ਬਣਾ ਲਈ ਗਈ। ਔਰਤ ਦਾ ਦੋਸ਼ ਹੈ ਕਿ ਮੁਲਜ਼ਮ ਵੀਡੀਓ ਵਾਇਰਲ ਕਰਨ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨੂੰ ਲਗਾਤਾਰ ਬਲੈਕਮੇਲ ਕਰਦਾ ਰਿਹਾ। ਬਦਨਾਮੀ ਦੇ ਡਰੋਂ ਚੁੱਪ ਰਹਿਣ ਤੋਂ ਬਾਅਦ ਆਖਰਕਾਰ ਪੀੜਤਾ ਨੇ ਪੂਰੀ ਘਟਨਾ ਆਪਣੇ ਪਤੀ ਨੂੰ ਦੱਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਦੂਜੇ ਪਾਸੇ, ਸਰਪੰਚ ਕਮਲਜੀਤ ਸਿੰਘ ਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸ਼ਿਕਾਇਤ ਨੂੰ ਬੇਬੁਨਿਆਦ ਅਤੇ ਝੂਠੀ ਦੱਸਿਆ ਹੈ। ਉਸ ਦਾ ਦਾਅਵਾ ਹੈ ਕਿ ਉਹ ਉਸ ਡੇਅਰੀ ਦਾ ਮਾਲਕ ਵੀ ਨਹੀਂ ਹੈ ਅਤੇ ਔਰਤ ਉਸ ਨੂੰ ਕਦੇ ਨਹੀਂ ਮਿਲੀ। ਪੁਲਿਸ ਨੇ ਜਾਂਚ ਦੌਰਾਨ ਸੁਪਰੀਮ ਕੋਰਟ ਦੇ 'ਲਲਿਤਾ ਕੁਮਾਰੀ ਬਨਾਮ ਉੱਤਰ ਪ੍ਰਦੇਸ਼' ਮਾਮਲੇ ਦੇ ਹਵਾਲੇ ਨਾਲ ਕਾਨੂੰਨੀ ਰਾਇ ਲੈਣ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Get all latest content delivered to your email a few times a month.