ਤਾਜਾ ਖਬਰਾਂ
ਪੰਜਾਬ ਵਿੱਚ ਮੌਸਮ ਦੇ ਸੁਸਤ ਪੈਣ ਨਾਲ ਗਰਮੀ ਅਤੇ ਹੁੰਮਸ (ਨਮੀ) ਦਾ ਪ੍ਰਕੋਪ ਮੁੜ ਵਧ ਗਿਆ ਹੈ। ਸੂਬੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਲਗਭਗ 1.9 ਡਿਗਰੀ ਸੈਲਸੀਅਸ ਉੱਪਰ ਦਰਜ ਕੀਤਾ ਗਿਆ, ਜਿਸ ਵਿੱਚ 38 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਿਹਾ। ਮੌਸਮ ਵਿਭਾਗ ਅਨੁਸਾਰ ਆਉਂਦੇ ਕੁਝ ਦਿਨਾਂ ਤੱਕ ਲੋਕਾਂ ਨੂੰ ਇਸੇ ਤਰ੍ਹਾਂ ਦੀ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਸਮ ਵਿਭਾਗ ਵੱਲੋਂ ਵੀਰਵਾਰ ਲਈ ਜਾਰੀ ਪੂਰਵ-ਅਨੁਮਾਨ ਮੁਤਾਬਕ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ—ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕਿਤੇ-ਕਿਤੇ ਖਿੰਡਵੀਂ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਵਿਭਾਗ ਵੱਲੋਂ ਕੋਈ ਵਿਸ਼ੇਸ਼ ਚੇਤਾਵਨੀ (ਅਲਰਟ) ਜਾਰੀ ਨਹੀਂ ਕੀਤਾ ਗਿਆ ਹੈ।
ਦੂਜੇ ਪਾਸੇ ਮਾਲਵਾ ਅਤੇ ਮੱਧ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਜਿਵੇਂ ਕਿ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਬਰਨਾਲਾ ਅਤੇ ਸੰਗਰੂਰ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਫਿਲਹਾਲ ਭਾਰੀ ਬਾਰਿਸ਼ ਦੀ ਕੋਈ ਉਮੀਦ ਨਾ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਲਈ ਸਥਾਨਕ ਪੱਧਰ 'ਤੇ ਪੈਣ ਵਾਲੀ ਹਲਕੀ ਫੁਲਕੀ ਬਾਰਿਸ਼ 'ਤੇ ਹੀ ਮੁਨਸਰ ਰਹਿਣਾ ਪਵੇਗਾ।
Get all latest content delivered to your email a few times a month.