ਤਾਜਾ ਖਬਰਾਂ
ਹਾਲਾਂਕਿ ਇਸ ਹਾਦਸੇ ਵਿੱਚ ਖਲੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਹਾਦਸੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਸੀ। ਇਸ ਤੋਂ ਬਾਅਦ ਖਲੀ ਨੇ ਖੁਦ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ।
ਆਪਣੀ ਵੀਡੀਓ ਵਿੱਚ ‘ਦਿ ਗ੍ਰੇਟ ਖਲੀ’ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਕਈ ਦੋਸਤਾਂ ਅਤੇ ਜਾਣਕਾਰਾਂ ਨੇ ਫ਼ੋਨ ਤੇ ਮੈਸੇਜ ਕਰਕੇ ਉਨ੍ਹਾਂ ਦਾ ਹਾਲ ਪੁੱਛਿਆ। ਖਲੀ ਨੇ ਸਪੱਸ਼ਟ ਕੀਤਾ ਕਿ ਉਹ ਬਿਲਕੁਲ ਠੀਕ ਹਨ ਅਤੇ ਕਿਸੇ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਰਮਾਤਮਾ ਅਤੇ ਲੋਕਾਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ। ਹਾਦਸੇ ਵਿੱਚ ਉਨ੍ਹਾਂ ਦੀ ਕਾਰ ਨੂੰ ਕੁਝ ਨੁਕਸਾਨ ਜ਼ਰੂਰ ਹੋਇਆ ਹੈ, ਪਰ ਉਨ੍ਹਾਂ ਮੁਤਾਬਕ ਇਹ ਕੋਈ ਵੱਡੀ ਗੱਲ ਨਹੀਂ ਹੈ।
ਖਲੀ ਨੇ ਇਹ ਵੀ ਦੱਸਿਆ ਕਿ ਉਹ ਨਹੀਂ ਚਾਹੁੰਦੇ ਸਨ ਕਿ ਹਾਦਸੇ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਫੈਲੇ, ਕਿਉਂਕਿ ਘਟਨਾ ਵਿੱਚ ਕੁਝ ਗੰਭੀਰ ਨਹੀਂ ਹੋਇਆ ਸੀ। ਪਰ ਹਾਦਸੇ ਦੀ ਵੀਡੀਓ ਵਾਇਰਲ ਹੋਣ ਕਾਰਨ ਇਹ ਮਾਮਲਾ ਲੋਕਾਂ ਤੱਕ ਪਹੁੰਚ ਗਿਆ।
ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਵਿੱਚ ਖਲੀ ਨੂੰ ਹਾਦਸੇ ਤੋਂ ਬਾਅਦ ਨੁਕਸਾਨੀ ਹੋਈ ਕਾਰ ਵਿੱਚੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਉਹ ਇੱਕ ਹੋਰ ਵਾਹਨ ਵੱਲ ਜਾਂਦੇ ਦਿਖਾਈ ਦਿੰਦੇ ਹਨ। ਇਹ ਘਟਨਾ ਪਾਣੀਪਤ ਟੋਲ ਪਲਾਜ਼ਾ ਦੇ ਨੇੜੇ ਵਾਪਰੀ ਦੱਸੀ ਜਾ ਰਹੀ ਹੈ।
ਕਾਰ ਦੀ ਹਾਲਤ ਦੇਖ ਕੇ ਪ੍ਰਸ਼ੰਸਕ ਕਾਫ਼ੀ ਚਿੰਤਤ ਹੋ ਗਏ ਸਨ, ਪਰ ਖਲੀ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਰਾਹਤ ਦਾ ਸਾਹ ਲਿਆ ਹੈ।
ਖਲੀ ਨੇ ਆਪਣੀ ਸਿਹਤ ਦੀ ਚਿੰਤਾ ਕਰਨ ਵਾਲੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਪ੍ਰਸ਼ੰਸਕਾਂ ਨੂੰ ਆਪਣਾ ਵੀ ਧਿਆਨ ਰੱਖਣ ਦੀ ਅਪੀਲ ਕੀਤੀ ਅਤੇ ਵੀਡੀਓ ਦੇ ਅੰਤ ਵਿੱਚ ‘ਜੈ ਭਾਰਤ’ ਕਿਹਾ।
‘ਦਿ ਗ੍ਰੇਟ ਖਲੀ’ ਭਾਰਤ ਦੇ ਸਭ ਤੋਂ ਮਸ਼ਹੂਰ ਪੇਸ਼ੇਵਰ ਪਹਿਲਵਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਅਸਲੀ ਨਾਮ ਦਿਲੀਪ ਸਿੰਘ ਰਾਣਾ ਹੈ। ਉਨ੍ਹਾਂ ਨੇ ਸਾਲ 2000 ਵਿੱਚ ਪੇਸ਼ੇਵਰ ਕੁਸ਼ਤੀ ਦੇ ਖੇਤਰ ਵਿੱਚ ਕਦਮ ਰੱਖਿਆ ਅਤੇ ਬਾਅਦ ਵਿੱਚ WWE ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਵੱਡੀ ਪਛਾਣ ਬਣਾਈ।
WWE ਵਿੱਚ ‘ਦਿ ਗ੍ਰੇਟ ਖਲੀ’ ਦੇ ਰੂਪ ਵਿੱਚ ਉਨ੍ਹਾਂ ਦੀ ਐਂਟਰੀ ਨੇ ਭਾਰਤੀ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਪੈਦਾ ਕੀਤਾ ਸੀ। ਆਪਣੀ ਲੰਬੀ ਕੱਦ-ਕਾਠੀ ਅਤੇ ਵਿਲੱਖਣ ਰੈਸਲਿੰਗ ਸਟਾਈਲ ਕਾਰਨ ਉਹ ਦੁਨੀਆ ਭਰ ਵਿੱਚ ਮਸ਼ਹੂਰ ਹੋਏ।
Get all latest content delivered to your email a few times a month.