ਤਾਜਾ ਖਬਰਾਂ
ਜਲੰਧਰ-ਦਿੱਲੀ ਰਾਸ਼ਟਰੀ ਰਾਜਮਾਰਗ 'ਤੇ ਗੋਰਾਇਆ ਓਵਰਬ੍ਰਿਜ ਦੇ ਨੇੜੇ ਦੇਰ ਰਾਤ ਕਰੀਬ 3:30 ਵਜੇ ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਕੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਤਿੰਨ ਨੌਜਵਾਨ ਅੱਗੇ ਚੱਲ ਰਹੇ ਡਾਕ ਪਾਰਸਲ ਟਰੱਕ ਦੇ ਪਿਛਲੇ ਹਿੱਸੇ ਨਾਲ ਬੁਰੇ ਤਰੀਕੇ ਨਾਲ ਜਾ ਟਕਰਾਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਟਰੱਕ ਦੇ ਹੇਠਾਂ ਕਰੀਬ 10 ਫੁੱਟ ਅੰਦਰ ਤੱਕ ਧਸ ਗਈ। ਹਾਦਸੇ ਵਿੱਚ ਤਿੰਨਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਸੜਕ ਸੁਰੱਖਿਆ ਫੋਰਸ (SSF) ਅਤੇ 112 ਕੰਟਰੋਲ ਰੂਮ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ 108 ਐਂਬੂਲੈਂਸ ਦੀ ਮਦਦ ਨਾਲ ਖ਼ੂਨ ਨਾਲ ਲੱਤ-ਪੱਤ ਨੌਜਵਾਨਾਂ ਨੂੰ ਫ਼ਿਲੌਰ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸਾਗ੍ਰਸਤ ਬਾਈਕ (PB-10KB-1280) ਨੂੰ ਹਾਈਡਰਾ ਮਸ਼ੀਨ ਦੀ ਮਦਦ ਨਾਲ ਟਰੱਕ ਹੇਠੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀਆਂ ਜੇਬਾਂ 'ਚੋਂ ਮਿਲੇ ਮੋਬਾਈਲ ਫ਼ੋਨਾਂ ਦੀ ਮਦਦ ਨਾਲ ਦੋ ਨੌਜਵਾਨਾਂ ਦੀ ਪਛਾਣ ਸਾਹਿਲ (ਪੁੱਤਰ ਜੈਕਰਨ) ਅਤੇ ਜਿਤੇਂਦਰ ਕੁਮਾਰ (ਪੁੱਤਰ ਹਰੀ ਨੰਦਨ) ਵਜੋਂ ਹੋਈ ਹੈ, ਜੋ ਲੁਧਿਆਣਾ ਦੀ ਰਾਧਾਸੁਆਮੀ ਰੋਡ 'ਤੇ ਰਹਿੰਦੇ ਸਨ। ਤੀਜੇ ਨੌਜਵਾਨ ਦੀ ਸ਼ਨਾਖ਼ਤ ਹੋਣੀ ਅਜੇ ਬਾਕੀ ਹੈ।
ਮੁੱਢਲੀ ਜਾਂਚ ਅਨੁਸਾਰ ਤਿੰਨੋਂ ਨੌਜਵਾਨ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਲੁਧਿਆਣਾ ਦੀ ਇੱਕ ਨਿੱਜੀ ਫੈਕਟਰੀ ਵਿੱਚ ਮਜ਼ਦੂਰੀ ਕਰਦੇ ਸਨ। ਪੁਲਿਸ ਮੁਤਾਬਕ ਹਾਦਸੇ 'ਚ ਸ਼ਾਮਲ ਟਰੱਕ ਮਹਾਰਾਸ਼ਟਰ ਨੰਬਰ ਦਾ ਹੈ। ਆਵਾਜਾਈ ਨੂੰ ਸੁਚਾਰੂ ਕਰਵਾ ਕੇ ਤਿੰਨਾਂ ਲਾਸ਼ਾਂ ਨੂੰ ਫ਼ਿਲੌਰ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ। ਥਾਣਾ ਗੋਰਾਇਆ ਦੇ ਏ.ਐੱਸ.ਆਈ. ਬਾਵਾ ਸਿੰਘ ਅਨੁਸਾਰ ਟਰੱਕ ਦੇ ਅਚਾਨਕ ਬ੍ਰੇਕ ਲਗਾਉਣ ਜਾਂ ਬਾਈਕ ਦਾ ਸੰਤੁਲਨ ਵਿਗੜਨ ਵਰਗੇ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਟਰੱਕ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Get all latest content delivered to your email a few times a month.