ਤਾਜਾ ਖਬਰਾਂ
ਜਾਣਕਾਰੀ ਮੁਤਾਬਕ ਪਿੰਡ ਕਾਦੂਪੁਰ ਵਾਸੀ ਟੀਟੀ ਦਾ 25 ਸਾਲਾ ਪੁੱਤਰ ਰਵੀ ਕੁਮਾਰ 5 ਅਗਸਤ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਕਾਫ਼ੀ ਭਾਲ ਕਰਨ ਤੋਂ ਬਾਅਦ ਪੁਲਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।
ਇਸੇ ਦੌਰਾਨ 9 ਅਗਸਤ ਨੂੰ ਕਾਂਜਲੀ ਰੋਡ ਨੇੜਿਓਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ। ਲਾਸ਼ ਦੀ ਹਾਲਤ ਖ਼ਰਾਬ ਹੋਣ ਕਾਰਨ ਚਿਹਰਾ ਪਛਾਣਨ ਯੋਗ ਨਹੀਂ ਸੀ। ਪੁਲਸ ਨੇ ਰਵੀ ਦੇ ਪਰਿਵਾਰ ਨੂੰ ਬੁਲਾ ਕੇ ਲਾਸ਼ ਦੀ ਪਛਾਣ ਕਰਵਾਈ। ਪਰਿਵਾਰ ਨੇ ਲਾਸ਼ ’ਤੇ ਪਹਿਨੇ ਕੱਪੜਿਆਂ ਦੇ ਆਧਾਰ ’ਤੇ ਉਸ ਨੂੰ ਰਵੀ ਕੁਮਾਰ ਮੰਨ ਲਿਆ।
ਪੁਲਸ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪਰਿਵਾਰ ਨੇ 13 ਅਗਸਤ ਨੂੰ ਗ਼ਮਗੀਨ ਮਾਹੌਲ ਵਿੱਚ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ। ਇਸ ਤੋਂ ਬਾਅਦ 15 ਅਗਸਤ ਨੂੰ ਅੰਤਿਮ ਰਸਮਾਂ ਅਤੇ ਭੋਗ ਵੀ ਪਾ ਦਿੱਤਾ ਗਿਆ।
ਪਰ ਮਾਮਲੇ ਦਾ ਸਭ ਤੋਂ ਹੈਰਾਨੀਜਨਕ ਮੋੜ ਉਸ ਸਮੇਂ ਆਇਆ ਜਦੋਂ ਕੇਂਦਰੀ ਜੇਲ੍ਹ ਦੇ ਇੱਕ ਮੁਲਾਜ਼ਮ ਨੇ ਰਵੀ ਦੇ ਪਰਿਵਾਰ ਨੂੰ ਫ਼ੋਨ ਕਰਕੇ ਦੱਸਿਆ ਕਿ ਰਵੀ ਕੁਮਾਰ ਜੇਲ੍ਹ ਵਿੱਚ ਬੰਦ ਹੈ। ਪਹਿਲਾਂ ਪਰਿਵਾਰ ਨੂੰ ਇਸ ਗੱਲ ’ਤੇ ਵਿਸ਼ਵਾਸ ਨਹੀਂ ਹੋਇਆ। ਜਦੋਂ ਰਵੀ ਨਾਲ ਫ਼ੋਨ ’ਤੇ ਗੱਲ ਕਰਵਾਈ ਗਈ ਤਾਂ ਪਰਿਵਾਰ ਤੁਰੰਤ ਜੇਲ੍ਹ ਪਹੁੰਚਿਆ। ਉੱਥੇ ਆਪਣੇ ਪੁੱਤਰ ਨੂੰ ਜ਼ਿੰਦਾ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ।
ਡੀ.ਐੱਸ.ਪੀ. ਸ਼ੀਤਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਦੀ ਪਛਾਣ ਕਰਨ ਵਿੱਚ ਇੰਨੀ ਵੱਡੀ ਗਲਤੀ ਕਿਵੇਂ ਹੋਈ ਅਤੇ ਕਿਸ ਪੱਧਰ ’ਤੇ ਲਾਪਰਵਾਹੀ ਵਰਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੁਣ ਪੁਲਸ ਲਈ ਸਭ ਤੋਂ ਵੱਡੀ ਚੁਣੌਤੀ ਕਾਂਜਲੀ ਰੋਡ ਤੋਂ ਮਿਲੀ ਉਸ ਲਾਸ਼ ਦੀ ਅਸਲ ਪਛਾਣ ਕਰਨਾ ਹੈ। ਜਾਂਚ ਟੀਮ ਇਹ ਵੀ ਪਤਾ ਲਗਾ ਰਹੀ ਹੈ ਕਿ ਮ੍ਰਿਤਕ ਨੌਜਵਾਨ ਕੌਣ ਸੀ, ਉਸ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ ਅਤੇ ਉਸ ਦੀ ਲਾਸ਼ ਕਾਂਜਲੀ ਰੋਡ ਨੇੜੇ ਕਿਵੇਂ ਪਹੁੰਚੀ।
ਦੂਜੇ ਪਾਸੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ਼ਿਆਮਲ ਜਿਓਤੀ ਨੇ ਕਿਹਾ ਕਿ ਇਹ ਮਾਮਲਾ ਅਜੇ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਪੂਰੀ ਜਾਣਕਾਰੀ ਲੈਣਗੇ ਅਤੇ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.