ਤਾਜਾ ਖਬਰਾਂ
ਕੈਨੇਡਾ ਦੇ ਐਬਟਸਫੋਰਡ ਸ਼ਹਿਰ ਵਿੱਚ ਸ਼ੋਅ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਕਾਫ਼ਿਲੇ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜਤੋੜ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸ਼ਨੀਵਾਰ ਰਾਤ ਉਸ ਵੇਲੇ ਵਾਪਰੀ ਜਦੋਂ ਐਮੀ ਵਿਰਕ ਐਬਟਸਫੋਰਡ ਦੇ ਰੋਜਰਸ ਫੋਰਮ ਹਾਲ ਵਿਖੇ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਰਵਾਨਾ ਹੋਏ ਸਨ। ਇਸ ਜਾਨਲੇਵਾ ਹਮਲੇ ਵਿੱਚ ਗਾਇਕ ਅਤੇ ਕਾਰ ਵਿੱਚ ਸਵਾਰ ਹੋਰ ਚਾਰ ਲੋਕ ਵਾਲ-ਵਾਲ ਬਚ ਗਏ।
ਮਿਲੀ ਜਾਣਕਾਰੀ ਅਨੁਸਾਰ 5 ਸਤੰਬਰ ਦੀ ਰਾਤ ਨੂੰ ਸ਼ੋਅ ਖ਼ਤਮ ਕਰਨ ਤੋਂ ਬਾਅਦ ਰਾਤ ਲਗਭਗ 11 ਵਜੇ ਐਮੀ ਵਿਰਕ ਵਾਹਨਾਂ ਦੇ ਕਾਫ਼ਿਲੇ ਨਾਲ ਨਿਕਲੇ ਸਨ। ਮੈਕਕੈਲਮ ਰੋਡ (2500-ਬਲਾਕ) ਕੋਲ ਇੱਕ ਗੂੜ੍ਹੇ ਰੰਗ ਦੀ ਐੱਸ.ਯੂ.ਵੀ. (SUV) ਵਿੱਚ ਆਏ ਹਮਲਾਵਰਾਂ ਨੇ ਕਾਫ਼ਿਲੇ ਵਿੱਚ ਸ਼ਾਮਲ ਰੋਲਸ ਰਾਇਸ ਕਾਰ ਨੂੰ ਨਿਸ਼ਾਨਾ ਬਣਾ ਕੇ 7 ਤੋਂ 10 ਫਾਇਰ ਕੀਤੇ। ਗੋਲੀਆਂ ਗੱਡੀ ਦੇ ਪਿਛਲੇ ਸ਼ੀਸ਼ੇ 'ਚ ਲੱਗੀਆਂ, ਪਰ ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਐਬਟਸਫੋਰਡ ਪੁਲਿਸ ਨੇ 2500-ਬਲਾਕ ਮੈਕਕੈਲਮ ਰੋਡ 'ਤੇ ਫਾਇਰਿੰਗ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ 2400-ਬਲਾਕ ਸਨੀਸਾਈਡ ਪਲੇਸ ਵਿਖੇ ਇੱਕ ਐੱਸ.ਯੂ.ਵੀ. ਨੂੰ ਅੱਗ ਲੱਗਣ ਦੀ ਖ਼ਬਰ ਮਿਲੀ, ਜਿਸ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਸੜੀ ਹੋਈ ਹਾਲਤ ਵਿੱਚ ਬਰਾਮਦ ਕੀਤਾ। ਜਾਂਚ ਟੀਮਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਅੱਗ ਲਗਾਈ ਗਈ ਕਾਰ ਹਮਲਾਵਰਾਂ ਦੀ ਹੀ ਸੀ। ਫਿਲਹਾਲ ਪੁਲਿਸ ਨੇ ਅਧਿਕਾਰਤ ਤੌਰ 'ਤੇ ਨਿਸ਼ਾਨੇ 'ਤੇ ਲਏ ਗਏ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ ਹੈ, ਪਰ ਸੂਤਰਾਂ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।
Get all latest content delivered to your email a few times a month.