IMG-LOGO
ਹੋਮ ਪੰਜਾਬ: ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ 'ਚ ਵੱਡਾ...

‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ 'ਚ ਵੱਡਾ ਫੇਰਬਦਲ: ਮਾਨ ਤੇ ਚੀਮਾ ਪਾਰਟੀ ਦੀ ਸਭ ਤੋਂ ਸ਼ਕਤੀਸ਼ਾਲੀ ਕਮੇਟੀ PAC 'ਚ ਸ਼ਾਮਲ

Admin User - Sep 10, 2026 02:50 PM
IMG

ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਸੰਗਠਨਾਤਮਕ ਢਾਂਚੇ ਵਿੱਚ ਵੱਡੀ ਹਲਚਲ ਕੀਤੀ ਹੈ। ਪਾਰਟੀ ਦੇ ਸਭ ਤੋਂ ਉੱਚ ਫੈਸਲੇ ਲੈਣ ਵਾਲੀ 'ਰਾਜਨੀਤਕ ਮਾਮਲਿਆਂ ਦੀ ਕਮੇਟੀ' (PAC) 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ 10 ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਦਿੱਲੀ ਦੇ ਸਾਬਕਾ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਸਤੇਂਦਰ ਜੈਨ ਵੀ ਇਸ ਉੱਚ-ਪੱਧਰੀ ਕਮੇਟੀ ਦਾ ਹਿੱਸਾ ਬਣੇ ਹਨ।


ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਪਹਿਲਾਂ ਇਸ ਕਮੇਟੀ ਵਿੱਚ ਬਤੌਰ ਵਿਸ਼ੇਸ਼ ਸੱਦਾ-ਪ੍ਰਾਪਤ ਮੈਂਬਰ ਸ਼ਾਮਲ ਸਨ, ਪਰ ਹੁਣ ਉਨ੍ਹਾਂ ਨੂੰ ਪੱਕੀ ਮੈਂਬਰਸ਼ਿਪ ਦਿੱਤੀ ਗਈ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦੇ ਸ਼ਾਮਲ ਹੋਣ ਨਾਲ ਹਾਈਕਮਾਂਡ ਤੱਕ ਪੰਜਾਬ ਸਰਕਾਰ ਦੀ ਪਹੁੰਚ ਅਤੇ ਭਾਗੀਦਾਰੀ ਹੋਰ ਮਜ਼ਬੂਤ ਹੋਈ ਹੈ।


ਸੰਗਠਨਾਤਮਕ ਫੇਰਬਦਲ ਦੇ ਤਹਿਤ ਪਾਰਟੀ ਨੇ 23-ਮੈਂਬਰੀ ਰਾਸ਼ਟਰੀ ਕਾਰਜਕਾਰਨੀ 'ਚੋਂ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਨੂੰ ਲਾਂਭੇ ਕਰ ਦਿੱਤਾ ਹੈ।


ਇਨ੍ਹਾਂ ਦੀ ਥਾਂ 'ਤੇ ਮੁੱਖ ਮੰਤਰੀ ਮਾਨ ਦੇ ਓ.ਐੱਸ.ਡੀ. (OSD) ਰਾਜਬੀਰ ਘੁੰਮਣ ਅਤੇ ਵਿਭਵ ਕੁਮਾਰ ਨੂੰ ਰਾਸ਼ਟਰੀ ਕਾਰਜਕਾਰਨੀ 'ਚ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਰਾਜਬੀਰ ਘੁੰਮਣ ਦਾ ਨਾਮ ਹਾਲ ਹੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੌਰਾਨ ਚਰਚਾ ਵਿੱਚ ਆਇਆ ਸੀ, ਜਿਸ ਨੂੰ ਲੈ ਕੇ ਸੂਬੇ ਦੀ ਰਾਜਨੀਤੀ ਵਿੱਚ ਖਾਸਾ ਹੰਗਾਮਾ ਦੇਖਣ ਨੂੰ ਮਿਲਿਆ ਸੀ।


ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 'ਚੋਂ 92 ਸੀਟਾਂ 'ਤੇ ਇਤਿਹਾਸਕ ਜਿੱਤ ਦਰਜ ਕਰਨ ਵਾਲੀ 'ਆਪ' ਲਈ ਇਸ ਵਾਰ ਦੀਆਂ ਚੋਣਾਂ ਸੌਖੀਆਂ ਨਹੀਂ ਮੰਨੀਆਂ ਜਾ ਰਹੀਆਂ। ਸਰਕਾਰ ਵਿਰੋਧੀ ਲਹਿਰ (Anti-incumbency), ਮੁਲਾਜ਼ਮਾਂ ਦੇ ਲਗਾਤਾਰ ਧਰਨੇ-ਪ੍ਰਦਰਸ਼ਨ ਅਤੇ ਵਿਰੋਧੀ ਧਿਰਾਂ (ਕਾਂਗਰਸ, ਅਕਾਲੀ ਦਲ ਤੇ ਭਾਜਪਾ) ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨ ਲਈ ਪਾਰਟੀ ਹੁਣ ਤੋਂ ਹੀ ਰਣਨੀਤੀ ਘੜਨ 'ਚ ਜੁਟ ਗਈ ਹੈ।


ਈਡੀ ਦੀਆਂ ਕਾਰਵਾਈਆਂ, ਨਸ਼ਾ, ਬੇਰੋਜ਼ਗਾਰੀ ਅਤੇ ਆਰਥਿਕ ਸਥਿਤੀ ਵਰਗੇ ਮੁੱਦਿਆਂ 'ਤੇ ਵਿਰੋਧੀਆਂ ਨੂੰ ਘੇਰਨ ਲਈ ਕੇਂਦਰੀ ਲੀਡਰਸ਼ਿਪ ਅਤੇ ਸੂਬਾ ਸਰਕਾਰ ਵਿਚਕਾਰ ਸਤੇਂਦਰ ਜੈਨ ਦਾ ਰੋਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।


ਦਿੱਲੀ ਹੱਥੋਂ ਨਿਕਲਣ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਪੰਜਾਬ ਹੀ ਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਡਾ ਸਿਆਸੀ ਗੜ੍ਹ ਹੈ। ਨਵੀਆਂ ਨਿਯੁਕਤੀਆਂ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਆਉਣ ਵਾਲੀਆਂ ਚੋਣਾਂ 'ਚ ਟਿਕਟਾਂ ਦੀ ਵੰਡ ਅਤੇ ਪ੍ਰਚਾਰ ਦੀਆਂ ਮੁਹਿੰਮਾਂ ਤੈਅ ਕਰਨ ਵਿੱਚ ਪੰਜਾਬ ਦੀ ਲੀਡਰਸ਼ਿਪ ਦੀ ਸਿੱਧੀ ਅਤੇ ਵੱਡੀ ਭੂਮਿਕਾ ਰਹੇਗੀ। ਹਾਈਕਮਾਂਡ ਇਸ ਵਾਰ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਦੇ ਰੌਂਅ ਵਿੱਚ ਨਜ਼ਰ ਨਹੀਂ ਆ ਰਹੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.