ਤਾਜਾ ਖਬਰਾਂ
ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਅਹੁਦਾ ਸੰਭਾਲਦਿਆਂ ਹੀ ਪਾਰਟੀ ਅੰਦਰ ਵੱਡਾ ਸਿਆਸੀ ਬਦਲਾਅ ਦੇਖਣ ਨੂੰ ਮਿਲਿਆ ਹੈ। ਚੰਡੀਗੜ੍ਹ ਦੇ ਸੈਕਟਰ 15 ਸਥਿਤ ਪੰਜਾਬ ਕਾਂਗਰਸ ਭਵਨ ਦੇ ਬਾਹਰ ਅੱਜ ਪਾਰਟੀ ਵੱਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਸਭ ਦੀਆਂ ਨਜ਼ਰਾਂ ਲੰਮੇ ਸਮੇਂ ਤੋਂ ਆਪਸੀ ਖਿੱਚੋਤਾਣ ਦਾ ਸ਼ਿਕਾਰ ਰਹੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਟਿਕੀਆਂ ਰਹੀਆਂ। ਲਗਭਗ ਤਿੰਨ ਮਹੀਨਿਆਂ ਦੇ ਲੰਮੇ ਵਕਫ਼ੇ ਬਾਅਦ ਇਹ ਦੋਵੇਂ ਸੀਨੀਅਰ ਆਗੂ ਇੱਕੋ ਮੰਚ ‘ਤੇ ਨਾ ਸਿਰਫ਼ ਇਕੱਠੇ ਦਿਖਾਈ ਦਿੱਤੇ, ਸਗੋਂ ਉਨ੍ਹਾਂ ਦੀ ਨਿੱਘੀ ਬਾਤਚੀਤ ਅਤੇ ਆਪਸੀ ਬੌਂਡਿੰਗ ਨੇ ਸਾਰੀ ਸਿਆਸੀ ਫ਼ਿਜ਼ਾ ਹੀ ਬਦਲ ਦਿੱਤੀ।
ਇਸ ਮੌਕੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੋਵਾਂ ਆਗੂਆਂ ਦੀ ਇਸ ਗੱਲਬਾਤ ਨੂੰ ਬੇਹੱਦ ਗ਼ੌਰ ਨਾਲ ਸੁਣਦੇ ਅਤੇ ਮੁਸਕਰਾਉਂਦੇ ਨਜ਼ਰ ਆਏ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਾਇਲਟ ਨੇ ਉਹ ਅਟੁੱਟ ਪਹੇਲੀ ਸੁਲਝਾ ਲਈ ਹੈ ਜਿਸ ਨੂੰ ਹੱਲ ਕਰਨ ਵਿੱਚ ਪਿਛਲੇ ਇੰਚਾਰਜ ਭੁਪੇਸ਼ ਬਘੇਲ ਨਾਕਾਮ ਰਹੇ ਸਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਐਲਾਨ ਕੀਤਾ ਸੀ ਕਿ ਉਹ ਰਾਜਾ ਵੜਿੰਗ ਨਾਲ ਮੰਚ ਸਾਂਝਾ ਨਹੀਂ ਕਰਨਗੇ, ਪਰ ਅੱਜ ਪਾਇਲਟ ਦੀ ਹਾਜ਼ਰੀ ਵਿੱਚ ਸਾਰੇ ਆਗੂ ਕੰਧ ਵਾਂਗ ਇੱਕਜੁੱਟ ਖੜ੍ਹੇ ਦਿਖਾਈ ਦਿੱਤੇ। ਮੰਚ ‘ਤੇ ਸਚਿਨ ਪਾਇਲਟ ਦੇ ਸੱਜੇ ਪਾਸੇ ਚਰਨਜੀਤ ਚੰਨੀ ਅਤੇ ਖੱਬੇ ਪਾਸੇ ਰਾਜਾ ਵੜਿੰਗ ਬਿਰਾਜਮਾਨ ਸਨ। ਹਾਲਾਂਕਿ, ਜਦੋਂ ਚੰਨੀ ਨੂੰ ਬੋਲਣ ਲਈ ਸੱਦਾ ਦਿੱਤਾ ਗਿਆ ਤਾਂ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਪਰ ਚੰਨੀ ਨੇ ਆਪਣੇ ਸੰਬੋਧਨ ਦੌਰਾਨ ਰਾਜਾ ਵੜਿੰਗ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ।
ਪ੍ਰਦਰਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਬਿਨਾਂ ਕਿਸੇ ਮੁੱਖ ਮੰਤਰੀ ਦੇ ਚਿਹਰੇ ਤੋਂ ਆਗਾਮੀ ਚੋਣਾਂ ਲੜੇਗੀ ਅਤੇ ਹਾਈਕਮਾਨ ਦੇ ਆਦੇਸ਼ਾਂ ‘ਤੇ ਬਹੁਮਤ ਮਿਲਣ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਇਸ ਦੌਰਾਨ ਰਾਜਾ ਵੜਿੰਗ ਵੱਲੋਂ ਮਾਈਕ ਫੜਦਿਆਂ ਹੀ ਐਨ.ਐਸ.ਯੂ.ਆਈ. ਵਰਕਰਾਂ ਨੇ ਝੰਡੇ ਲਹਿਰਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਕੁਝ ਸਮੇਂ ਲਈ ਹਲਚਲ ਵੀ ਰਹੀ।
ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਗੱਲ ਕਰਦਿਆਂ ਸਚਿਨ ਪਾਇਲਟ ਨੇ ਪੰਜਾਬ ਵਿੱਚ ਸੰਗਠਨਾਤਮਕ ਬਦਲਾਅ ਦੀ ਸੰਭਾਵਨਾ ਤੋਂ ਸਾਫ਼ ਇਨਕਾਰ ਨਹੀਂ ਕੀਤਾ, ਜਿਸ ਨਾਲ ਸੂਬਾ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਨੂੰ ਹੋਰ ਹਵਾ ਮਿਲ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦਾ ਮੁੱਖ ਟੀਚਾ ਪੰਜਾਬ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਉਣਾ ਹੈ। ਦੂਜੇ ਪਾਸੇ, ਕਾਂਗਰਸ ਦੇ ਇਸ ਭਾਰੀ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਲਈ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ, ਜਿਸ ਤਹਿਤ ਸੈਕਟਰ 15/16 ਲਾਈਟ ਪੁਆਇੰਟ ਤੋਂ ਲੈ ਕੇ ਪੀ.ਜੀ.ਆਈ. ਚੌਕ ਤੱਕ ਦੇ ਰੂਟ ‘ਤੇ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।
Get all latest content delivered to your email a few times a month.