ਤਾਜਾ ਖਬਰਾਂ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ (Air Canada) ਦੀ ਸੇਵਾ ਅਤੇ ਸਟਾਫ ਦੇ ਰਵੱਈਏ 'ਤੇ ਡੂੰਘੀ ਨਾਰਾਜ਼ਗੀ ਪ੍ਰਗਟਾਈ ਹੈ। ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕਰਦਿਆਂ ਗਿੱਪੀ ਨੇ ਏਅਰਲਾਈਨ ਪ੍ਰਬੰਧਨ 'ਤੇ ਬਿਜ਼ਨਸ ਕਲਾਸ ਦਾ ਪੂਰਾ ਭੁਗਤਾਨ ਲੈਣ ਦੇ ਬਾਅਦ ਵੀ ਇਕਾਨਮੀ ਕਲਾਸ ਵਿੱਚ ਸਫ਼ਰ ਕਰਵਾਉਣ ਦੇ ਗੰਭੀਰ ਦੋਸ਼ ਲਾਏ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਨਿਊਯਾਰਕ ਦੇ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਜਾਣ ਵਾਲੀ ਫਲਾਈਟ (AC1504) ਦੌਰਾਨ ਵਾਪਰੀ, ਜੋ ਕਿ ਏਅਰਬੱਸ A320 ਰਾਹੀਂ ਲਗਭਗ 1 ਘੰਟੇ 35 ਮਿੰਟ ਦਾ ਸਫ਼ਰ ਤੈਅ ਕਰਦੀ ਹੈ। ਗਿੱਪੀ ਗਰੇਵਾਲ ਮੁਤਾਬਕ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਬੁੱਕ ਕੀਤੀ ਸੀ, ਪਰ ਬੋਰਡਿੰਗ ਸਮੇਂ ਉਨ੍ਹਾਂ ਨੂੰ ਇਕਾਨਮੀ ਕਲਾਸ ਦੀ ਸੀਟ ਅਲਾਟ ਕਰ ਦਿੱਤੀ ਗਈ।
ਗਿੱਪੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਸਥਿਤੀ ਬਾਰੇ ਏਅਰਲਾਈਨ ਸਟਾਫ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਸਟਾਫ ਨੇ ਗੈਰ-ਸੰਜੀਦਗੀ ਨਾਲ ਗੱਲ ਖਾਰਜ ਕਰਦਿਆਂ ਕਿਹਾ ਕਿ ਹੁਣ ਅਜਿਹਾ ਹੋ ਗਿਆ ਹੈ ਅਤੇ ਇਸ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ। ਗਾਇਕ ਅਨੁਸਾਰ, ਉਨ੍ਹਾਂ ਨੂੰ ਜਾਂ ਤਾਂ ਫਲਾਈਟ ਵਿੱਚ ਚੜ੍ਹਨ ਜਾਂ ਫਿਰ ਯਾਤਰਾ ਛੱਡਣ ਦਾ ਵਿਕਲਪ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਆਪਣੇ ਹੱਕ ਲਈ ਲਗਾਤਾਰ ਸਵਾਲ ਕੀਤੇ, ਤਾਂ ਮਦਦ ਕਰਨ ਦੀ ਬਜਾਏ ਸਟਾਫ ਨੇ ਉਨ੍ਹਾਂ ਨੂੰ ਜਹਾਜ਼ ਤੋਂ ਹੇਠਾਂ ਉਤਾਰਨ ਦੀ ਧਮਕੀ ਤੱਕ ਦੇ ਦਿੱਤੀ।
ਗਿੱਪੀ ਨੇ ਸਾਫ਼ ਕੀਤਾ ਕਿ ਉਹ ਕਿਸੇ ਵੀ ਵਾਧੂ ਸਹੂਲਤ ਦੀ ਮੰਗ ਨਹੀਂ ਕਰ ਰਹੇ ਸਨ, ਬਲਕਿ ਸਿਰਫ਼ ਆਪਣੀ ਬੁੱਕ ਕੀਤੀ ਸੀਟ ਅਤੇ ਇਸ ਅਚਾਨਕ ਤਬਦੀਲੀ ਦੇ ਕਾਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਏਅਰਲਾਈਨ ਵੱਲੋਂ ਇੱਕ ਸਧਾਰਣ ਮੁਆਫ਼ੀ ਤੱਕ ਨਹੀਂ ਮੰਗੀ ਗਈ।
ਸੋਸ਼ਲ ਮੀਡੀਆ 'ਤੇ ਮਾਮਲਾ ਭੱਖਣ ਤੋਂ ਬਾਅਦ ਏਅਰ ਕੈਨੇਡਾ ਨੇ X 'ਤੇ ਜਵਾਬ ਦਿੰਦਿਆਂ ਘਟਨਾ 'ਤੇ ਖੇਦ ਪ੍ਰਗਟਾਇਆ। ਏਅਰਲਾਈਨ ਨੇ ਗਿੱਪੀ ਗਰੇਵਾਲ ਤੋਂ ਮੁਆਫ਼ੀ ਮੰਗਦੇ ਹੋਏ ਉਨ੍ਹਾਂ ਦਾ ਬੁਕਿੰਗ ਰੈਫਰੈਂਸ ਅਤੇ ਪੂਰਾ ਨਾਮ DM (ਡਾਇਰੈਕਟ ਮੈਸੇਜ) ਰਾਹੀਂ ਭੇਜਣ ਲਈ ਕਿਹਾ ਹੈ ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਹਾਲਾਂਕਿ, ਏਅਰਲਾਈਨ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਬਿਜ਼ਨਸ ਕਲਾਸ ਦੀ ਸੀਟ ਨੂੰ ਇਕਾਨਮੀ ਵਿੱਚ ਬਦਲਣ ਦਾ ਅਸਲ ਕਾਰਨ ਕੀ ਸੀ।
Get all latest content delivered to your email a few times a month.