ਤਾਜਾ ਖਬਰਾਂ
ਮਸ਼ਹੂਰ ਹਰਿਆਣਵੀ ਗਾਇਕ ਅਤੇ ਅਦਾਕਾਰ ਦਿਲੇਰ ਖਰਕੀਆ ਦੇ ਘਰ ਬਾਹਰ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਫਾਇਰਿੰਗ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਰੇਂਜ ਰੋਵਰ ਗੱਡੀ ’ਤੇ ਕੀਤੀ ਗਈ। ਘਟਨਾ ਸਮੇਂ ਗਾਇਕ ਗੱਡੀ ਵਿੱਚ ਮੌਜੂਦ ਨਹੀਂ ਸਨ, ਜਿਸ ਕਰਕੇ ਵੱਡਾ ਹਾਦਸਾ ਟਲ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਤੋਂ ਤੁਰੰਤ ਬਾਅਦ ਅਨਿਲ ਪੰਡਿਤ ਨਾਮ ਦੇ ਅਪਰਾਧੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਪੋਸਟ ਵਿੱਚ ਹਿਮਾਂਸ਼ੂ ਸੋਨੀਪਤ, ਹੈਰੀ ਬਾਕਸਰ, ਹਰਮਨ ਸੰਧੂ ਅਤੇ ਅਨਿਲ ਪੰਡਿਤ ਦੇ ਨਾਮ ਸਾਂਝੇ ਕਰਦਿਆਂ ਗਾਇਕ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦੀ ਕਾਲ ਦਾ ਜਵਾਬ ਨਾ ਦਿੱਤਾ ਗਿਆ ਤਾਂ ਸਿੱਧੀ ਗੋਲੀ ਮਾਰੀ ਜਾਵੇਗੀ।
ਪੁਲਿਸ ਮੁਤਾਬਕ ਪਾਣੀਪਤ ਦਾ ਰਹਿਣ ਵਾਲਾ ਅਨਿਲ ਪੰਡਿਤ 2022 ਵਿੱਚ ਦੁਬਈ ਗਿਆ ਸੀ, ਜਿੱਥੋਂ ਉਹ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚ ਗਿਆ। ਉੱਥੇ ਗੈਂਗਸਟਰ ਰਣਦੀਪ ਮਲਿਕ ਨਾਲ ਮਿਲ ਕੇ ਉਸ ਨੇ ਸੰਗਠਿਤ ਅਪਰਾਧ ਦਾ ਨੈੱਟਵਰਕ ਖੜ੍ਹਾ ਕੀਤਾ। ਉਸ ਵਿਰੁੱਧ ਕਤਲ, ਰੰਗਦਾਰੀ ਅਤੇ ਕਤਲ ਦੀ ਕੋਸ਼ਿਸ਼ ਦੇ 10 ਤੋਂ ਵੱਧ ਮਾਮਲੇ ਦਰਜ ਹਨ। ਹਾਲ ਹੀ ਵਿੱਚ ਹਰਿਆਣਾ STF ਨੇ ਉਸ ਉੱਪਰ 10 ਲੱਖ ਰੁਪਏ ਦੇ ਇਨਾਮ ਦੀ ਸਿਫਾਰਿਸ਼ ਵੀ ਕੀਤੀ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਜੁੜੇ ਦਿੱਲੀ ਦੇ ਇੱਕ ਜਿਮ 'ਤੇ ਹੋਈ ਫਾਇਰਿੰਗ ਵਿੱਚ ਵੀ ਇਸੇ ਗੈਂਗ ਦਾ ਨਾਮ ਸਾਹਮਣੇ ਆਇਆ ਸੀ।
ਭਿਵਾਨੀ ਦੇ SP ਮਯੰਕ ਮਿਸ਼ਰਾ ਨੇ ਦੱਸਿਆ ਕਿ ਰਾਤ ਕਰੀਬ 10:30 ਵਜੇ ਹੋਈ ਇਸ ਗੋਲੀਬਾਰੀ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
Get all latest content delivered to your email a few times a month.