IMG-LOGO
ਹੋਮ ਪੰਜਾਬ: ਲੁਧਿਆਣਾ ਤੋਂ ‘ਆਪ’ ਦਾ 2027 ਚੋਣਾਂ ਲਈ ਮਿਸ਼ਨ ਸ਼ੁਰੂ, CM...

ਲੁਧਿਆਣਾ ਤੋਂ ‘ਆਪ’ ਦਾ 2027 ਚੋਣਾਂ ਲਈ ਮਿਸ਼ਨ ਸ਼ੁਰੂ, CM ਮਾਨ ਨੇ ਜਾਰੀ ਕੀਤਾ ਪੈਂਫਲੇਟ; 2.68 ਲੱਖ ਬੂਥ ਮੈਂਬਰ ਘਰ-ਘਰ ਪਹੁੰਚਾਉਣਗੇ ਸਰਕਾਰ ਦਾ ਰਿਪੋਰਟ ਕਾਰਡ

Admin User - Sep 19, 2026 04:29 PM
IMG

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਚੋਣੀ ਸਰਗਰਮੀ ਤੇਜ਼ ਕਰਦਿਆਂ ਲੁਧਿਆਣਾ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦਾ ਚੋਣ ਪੈਂਫਲੇਟ ਜਾਰੀ ਕੀਤਾ ਅਤੇ ਵਰਕਰਾਂ ਨੂੰ ਲੋਕਾਂ ਤੱਕ ਸਰਕਾਰ ਦੀਆਂ ਪ੍ਰਾਪਤੀਆਂ ਪਹੁੰਚਾਉਣ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਚੋਣਾਂ ਸਮੇਂ ਕੀਤੀਆਂ ਗਾਰੰਟੀਆਂ ਤੋਂ ਵੀ ਵੱਧ ਕੰਮ ਕੀਤੇ ਹਨ। ਉਨ੍ਹਾਂ ਸੜਕ ਸੁਰੱਖਿਆ ਫ਼ੋਰਸ (SSF) ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਨਾਲ ਹਰ ਸਾਲ ਲਗਭਗ 2,700 ਜਾਨਾਂ ਬਚਾਈਆਂ ਜਾ ਰਹੀਆਂ ਹਨ। ਉਨ੍ਹਾਂ ਮੁਤਾਬਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ।

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ CM ਮਾਨ ਨੇ ਅਕਾਲੀ ਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਮੁੱਦੇ ਨੂੰ ਉਠਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਨਸ਼ਿਆਂ ਦੀ ਸਮੱਸਿਆ ਵਧੀ ਅਤੇ ਹੁਣ ਉਹੀ ਧਿਰਾਂ ਨਸ਼ਾ ਵਿਰੋਧੀ ਯਾਤਰਾਵਾਂ ਕੱਢ ਰਹੀਆਂ ਹਨ।

ਇਸ ਦੌਰਾਨ ‘ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪੈਦਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ED ਅਤੇ CBI ਵਰਗੀਆਂ ਕੇਂਦਰੀ ਏਜੰਸੀਆਂ ਦੀ ਵਰਤੋਂ ਦਾ ਮੁੱਦਾ ਵੀ ਚੁੱਕਿਆ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪਾਰਟੀ ਦੇ 2,68,553 ਬੂਥ ਕਮੇਟੀ ਮੈਂਬਰ ਪੰਜਾਬ ਦੇ 25,332 ਬੂਥਾਂ ਤੱਕ ਪਹੁੰਚ ਕਰਨਗੇ। ਵਰਕਰ ਘਰ-ਘਰ ਜਾ ਕੇ ਸਰਕਾਰ ਦੀਆਂ ਯੋਜਨਾਵਾਂ, ਵਿਕਾਸ ਕਾਰਜਾਂ ਅਤੇ ਪੂਰੀਆਂ ਕੀਤੀਆਂ ਗਾਰੰਟੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ। ਇਸ ਦੇ ਨਾਲ ਮੈਂਬਰਸ਼ਿਪ ਮੁਹਿੰਮ ਵੀ ਚਲਾਈ ਜਾਵੇਗੀ ਅਤੇ ਪੂਰਾ ਅਭਿਆਨ ਲਗਭਗ ਇੱਕ ਮਹੀਨੇ ਤੱਕ ਜਾਰੀ ਰਹੇਗਾ।

ਮੁਹਿੰਮ ਦੇ ਅਗਲੇ ਪੜਾਅ ਵਿੱਚ ਮੁੱਖ ਮੰਤਰੀ ਭਗਵੰਤ ਮਾਨ 20 ਸਤੰਬਰ ਨੂੰ ਧੂਰੀ ਤੋਂ ਘਰ-ਘਰ ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਬੂਥ ਕਮੇਟੀਆਂ ਰਾਹੀਂ ਸੂਬੇ ਭਰ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਇਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.