ਤਾਜਾ ਖਬਰਾਂ
ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਲਗਾਤਾਰ ਚੜ੍ਹਦਾ ਜਾ ਰਿਹਾ ਹੈ। ਲੀਡਰਾਂ ਦੇ ਕਾਫ਼ਲਿਆਂ 'ਤੇ ਆਂਡੇ ਅਤੇ ਟਮਾਟਰ ਸੁੱਟਣ ਦੀਆਂ ਵਾਪਰੀਆਂ ਹਾਲੀਆ ਘਟਨਾਵਾਂ ਤੋਂ ਬਾਅਦ ਸੂਬੇ ਦੀ ਰਾਜਨੀਤੀ ਨਵੇਂ ਮੋੜ 'ਤੇ ਪਹੁੰਚ ਗਈ ਹੈ। ਇਸ ਪੂਰੇ ਘਟਨਾਕ੍ਰਮ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਨੂੰ ਹੀ ਨਿਸ਼ਾਨੇ 'ਤੇ ਲਿਆ ਹੈ।
ਵਿਧਾਇਕ ਪਰਗਟ ਸਿੰਘ ਨੇ ਆਂਡਿਆਂ ਤੇ ਟਮਾਟਰਾਂ ਦੀ ਸ਼ੁਰੂ ਹੋਈ ਇਸ ਰਾਜਨੀਤੀ ਨੂੰ ਪੰਜਾਬ ਲਈ ਬਹੁਤ ਵੱਡੀ ਬਦਕਿਸਮਤੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅਜਿਹੀਆਂ ਹਰਕਤਾਂ ਪੰਜਾਬ ਦੀ ਸਿਆਸਤ ਦੇ ਡਿੱਗ ਰਹੇ ਮਿਆਰ ਨੂੰ ਦਰਸਾਉਂਦੀਆਂ ਹਨ। ਕਿਸੇ ਵੀ ਨੇਤਾ 'ਤੇ ਅਜਿਹਾ ਹਮਲਾ ਕਰਨਾ ਜਾਂ ਜਵਾਬ ਵਿੱਚ ਪ੍ਰਦਰਸ਼ਨ ਕਰਕੇ ਮੀਡੀਆ ਦੀਆਂ ਸੁਰਖੀਆਂ ਬਟੋਰਨਾ ਨਿੰਦਣਯੋਗ ਹੈ। ਸਿਆਸਤਦਾਨਾਂ ਨੂੰ ਇਨ੍ਹਾਂ ਫ਼ਜ਼ੂਲ ਦੇ ਡਰਾਮਿਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਅਸਲ ਮੁੱਦਿਆਂ 'ਤੇ ਗੱਲਬਾਤ ਕਰਨੀ ਚਾਹੀਦੀ ਹੈ।
ਕਾਂਗਰਸ ਵਿਧਾਇਕ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਆਪਸੀ ਡਰਾਮੇਬਾਜ਼ੀ ਕਰਕੇ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਵੇਂ ਪੰਜਾਬ ਵਿੱਚ ਮੁਕਾਬਲਾ ਸਿਰਫ਼ ਉਨ੍ਹਾਂ ਦੋਵਾਂ ਵਿਚਕਾਰ ਹੀ ਹੈ ਅਤੇ ਕਾਂਗਰਸ ਦੌੜ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਭਟਕਾਉਣ ਦੀ ਇਹ ਚਾਲ ਸਫ਼ਲ ਨਹੀਂ ਹੋਵੇਗੀ।
ਗੁਲਜ਼ਾਰ ਸਿੰਘ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਪਰਗਟ ਸਿੰਘ ਨੇ ਕਿਹਾ ਕਿ ਅਸਲੀ ਰਾਜਨੀਤੀ ਆਂਡੇ-ਟਮਾਟਰ ਸੁੱਟਣਾ ਨਹੀਂ, ਸਗੋਂ ਇਨਸਾਫ਼ ਦੀ ਲੜਾਈ ਲੜਨਾ ਹੈ। ਜੇਕਰ ਕਿਸੇ ਵਿਅਕਤੀ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਹੈ ਤਾਂ ਉਸ ਦੇ ਪੀੜਤ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹਨਾ ਹੀ ਸੱਚੀ ਜਨ-ਸੇਵਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ। ਆਉਣ ਵਾਲੀਆਂ ਚੋਣਾਂ ਦੇ 2 ਤੋਂ 3 ਮਹੀਨਿਆਂ ਦੇ ਅੰਦਰ ਪੰਜਾਬ ਦੇ ਸੂਝਵਾਨ ਲੋਕ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਨਕਾਰ ਕੇ ਸਿਆਸੀ ਨਕਸ਼ੇ ਤੋਂ ਗਾਇਬ ਕਰ ਦੇਣਗੇ।
Get all latest content delivered to your email a few times a month.