ਤਾਜਾ ਖਬਰਾਂ
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹਵਾਉਣ ਦੀ ਆਸ ਨਾਲ ਅੱਜ, 21 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਸਰਹੱਦ ਦੀ ਜ਼ੀਰੋ ਲਾਈਨ 'ਤੇ ਇਕੱਤਰ ਹੋ ਕੇ ਵਿਸ਼ੇਸ਼ ਅਰਦਾਸ ਸਮਾਗਮ ਕਰ ਰਹੀਆਂ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੀ ਅਗਵਾਈ ਹੇਠ ਲਹਿੰਦੇ ਪੰਜਾਬ ਦੀਆਂ ਸੰਗਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਤੋਂ ਇਕ ਅਲੌਕਿਕ ਨਗਰ ਕੀਰਤਨ ਸਜਾ ਕੇ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਜ਼ੀਰੋ ਲਾਈਨ 'ਤੇ ਪਹੁੰਚ ਰਹੀਆਂ ਹਨ।
ਦੂਜੇ ਪਾਸੇ, ਚੜ੍ਹਦੇ ਪੰਜਾਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਸੰਗਤਾਂ ਜ਼ੀਰੋ ਲਾਈਨ 'ਤੇ ਹਾਜ਼ਰੀ ਭਰਨਗੀਆਂ। ਸਰਹੱਦ ਦੇ ਦੋਵੇਂ ਪਾਰ ਬੈਠੀਆਂ ਸੰਗਤਾਂ ਸੰਧਿਆ ਸਮੇਂ ਰਹਿਰਾਸ ਸਾਹਿਬ ਦੇ ਪਾਠ, ਮਨਮੋਹਕ ਗੁਰਬਾਣੀ ਕੀਰਤਨ ਅਤੇ ਆਰਤੀ ਉਪਰੰਤ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਗੀਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਾਵਨ ਅਸਥਾਨ ਦੇ ਦਰਸ਼ਨ-ਦੀਦਾਰਾਂ ਲਈ ਲਾਂਘੇ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਲਦ ਤੋਂ ਜਲਦ ਦੋਵਾਂ ਦੇਸ਼ਾਂ ਵੱਲੋਂ ਮੁੜ ਖੋਲ੍ਹਿਆ ਜਾਵੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੇਰਾ ਬਾਬਾ ਨਾਨਕ ਅਤੇ ਸਰਹੱਦੀ ਖੇਤਰਾਂ ਦੀ ਸਮੂਹ ਸਿੱਖ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਅੱਜ ਸ਼ਾਮ 5:30 ਵਜੇ ਜ਼ੀਰੋ ਲਾਈਨ ਨੇੜੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਅਰਦਾਸ ਸਮਾਗਮ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਦਰਾਂ 'ਤੇ ਕੀਤੀ ਸੱਚੇ ਮਨ ਦੀ ਅਰਦਾਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਲਾਂਘਾ ਮੁੜ ਸੰਗਤ ਲਈ ਖੁੱਲ੍ਹੇਗਾ ਅਤੇ ਸੰਗਤ ਪਹਿਲਾਂ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਸਕੇਗੀ।
Get all latest content delivered to your email a few times a month.