ਤਾਜਾ ਖਬਰਾਂ
ਅੰਮ੍ਰਿਤਸਰ : ਸਥਾਨਕ ਸ਼ਿਵ ਨਗਰ ਇਲਾਕੇ 'ਚ ਉਸ ਵੇਲੇ ਦਹਿਸ਼ਤ ਅਤੇ ਸੋਗ ਦੀ ਲਹਿਰ ਦੌੜ ਗਈ, ਜਦੋਂ ਇੱਕ 12 ਸਾਲਾ ਮਾਸੂਮ ਬੱਚੇ ਦੀ ਘਰ ਅੰਦਰ ਸ਼ੱਕੀ ਹਾਲਾਤਾਂ ਵਿੱਚ ਫਾਹੇ ਨਾਲ ਲਟਕਦੀ ਦੇਹ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਕਿਸ਼ਨ ਵਜੋਂ ਹੋਈ ਹੈ, ਜੋ ਕਿ ਸਕੂਲ ਦਾ ਵਿਦਿਆਰਥੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਅਸ਼ੋਕ ਪਾਲ, ਜੋ ਕਿ ਮੀਟ ਦੀ ਦੁਕਾਨ 'ਤੇ ਕੰਮ ਕਰਦੇ ਹਨ, ਨੇ ਦੱਸਿਆ ਕਿ ਦੁਪਹਿਰ ਵੇਲੇ ਕੰਮ 'ਤੇ ਜਾਣ ਤੋਂ ਪਹਿਲਾਂ ਕਿਸ਼ਨ ਨੇ ਜ਼ਿੱਦ ਕਰਕੇ ਉਨ੍ਹਾਂ ਨੂੰ ਆਪਣੇ ਹੱਥੀਂ ਬਣਾਈ ਰੋਟੀ ਖੁਆਈ ਸੀ। ਉਸ ਨੇ ਆਨਲਾਈਨ ਮੰਗਵਾਇਆ ਨਵਾਂ ਰਿਮੋਟ ਦਿਖਾਇਆ ਅਤੇ ਕੋਲਡ ਡ੍ਰਿੰਕ ਪੀਣ ਦੀ ਖ਼ਾਹਿਸ਼ ਜਤਾਈ, ਜੋ ਪਿਤਾ ਨੇ ਉਸ ਨੂੰ ਮੰਗਵਾ ਕੇ ਦਿੱਤੀ।
ਕੁਝ ਹੀ ਘੰਟਿਆਂ ਬਾਅਦ, ਜਦੋਂ ਪਿਤਾ ਸੈਨੇਟਰੀ ਦੇ ਮਿਸਤਰੀ ਨੂੰ ਨਾਲ ਲੈ ਕੇ ਘਰ ਪਰਤੇ ਤਾਂ ਉੱਪਰੀ ਮੰਜਿਲ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਕਿਸ਼ਨ ਘਰ 'ਚ ਚੁੰਨੀ ਦੇ ਸਹਾਰੇ ਲਟਕ ਰਿਹਾ ਸੀ ਅਤੇ ਉਸ ਦੀ ਜੀਭ ਬਾਹਰ ਨਿਕਲੀ ਹੋਈ ਸੀ।
ਅਸ਼ੋਕ ਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ 'ਤੇ ਪੜ੍ਹਾਈ ਦਾ ਕੋਈ ਬੋਝ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਤਣਾਅ 'ਚ ਸੀ। ਖੇਡਣ-ਕੁੱਦਣ ਦੀ ਉਮਰ 'ਚ ਬੱਚਾ ਆਤਮਹੱਤਿਆ ਵਰਗਾ ਕਦਮ ਨਹੀਂ ਚੁੱਕ ਸਕਦਾ। ਭਾਵੇਂ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਫਿਰ ਵੀ ਉਨ੍ਹਾਂ ਨੂੰ ਇਸ ਘਟਨਾ ਪਿੱਛੇ ਕਿਸੇ ਅਣਹੋਣੀ ਜਾਂ ਸਾਜ਼ਿਸ਼ ਦਾ ਪੂਰਾ ਸ਼ੱਕ ਹੈ। ਪਰਿਵਾਰ ਨੇ ਮਾਮਲੇ ਦੀ ਉੱਚ ਪੱਧਰੀ ਅਤੇ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਏ.ਡੀ.ਸੀ.ਪੀ. ਸ਼੍ਰੀ ਵਨੀਲਾ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਅਧਿਕਾਰੀ ਅਨੁਸਾਰ ਮੁੱਢਲੀ ਜਾਂਚ ਅਤੇ ਡਾਕਟਰੀ ਮੁਆਇਨੇ ਦੌਰਾਨ ਬੱਚੇ ਦੀ ਗਰਦਨ 'ਤੇ ਫਾਹੇ ਦੇ ਨਿਸ਼ਾਨ ਮਿਲੇ ਹਨ।
ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਪਹਿਲੂ ਤੋਂ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਕੁੱਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਪੁਲਿਸ ਮੁਤਾਬਕ ਪੋਸਟਮਾਰਟਮ ਰਿਪੋਰਟ ਆਉਣ ਅਤੇ ਜਾਂਚ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.